ਸਾਊਦੀ ਅਰਬ 'ਚ ਦੇਸ਼ਧਰੋਹ ਦਾ ਸੰਕਟ, ਘਰੋਂ ਗ੍ਰਿਫਤਾਰ ਕੀਤੇ ਤਿੰਨ ਰਾਜਕੁਮਾਰ
Saturday, Mar 07, 2020 - 02:57 PM (IST)
ਰਿਆਦ- ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਤਿੰਨ ਮੈਂਬਰਾਂ, ਜਿਹਨਾਂ ਵਿਚ ਦੋ ਸੀਨੀਅਰ ਰਾਜਕੁਮਾਰ ਸ਼ਾਮਲ ਹਨ, ਉਹਨਾਂ ਨੂੰ ਦੇਸ਼ਧਰੋਹ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕੀ ਮੀਡੀਆ ਵਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਇਸ ਜਾਣਕਾਰੀ ਮੁਤਾਬਕ ਇਸ ਘਟਨਾਕ੍ਰਮ ਤੋਂ ਬਾਅਦ ਇਸ ਗੱਲ ਵੱਲ ਇਸ਼ਾਰਾ ਮਿਲਦਾ ਹੈ ਕਿ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (ਐਮ.ਬੀ.ਐਸ.) ਹੁਣ ਹੋਰ ਸ਼ਕਤੀਸ਼ਾਲੀ ਹੋ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਸਾਊਦੀ ਅਰਬ ਦੇ ਪ੍ਰਿੰਸ ਅਹਿਮਦ ਬਿਨ ਅਬਦੁਲਾਜੀਜ ਅਲ-ਸੌਦ, ਜੋ ਕਿ ਕਿੰਗ ਸਲਮਾਨ ਦੇ ਭਰਾ ਹਨ ਤੇ ਉਹਨਾਂ ਦੇ ਭਤੀਜੇ ਮੁਹੰਮਦ ਬਿਨ ਨਯਾਫ ਨੂੰ ਉਹਨਾਂ ਦੇ ਘਰਾਂ ਵਿਚੋਂ ਸ਼ੁੱਕਰਵਾਰ ਤੜਕੇ ਰਾਇਲ ਗਾਰਡਸ ਨੇ ਹਿਰਾਸਤ ਵਿਚ ਲਿਆ। ਇਸ ਤੋਂ ਇਲਾਵਾ ਤੀਜੇ ਰਾਜਕੁਮਾਰ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਲਗਾਤਾਰ ਆਪਣੀ ਤਾਕਤ ਵਧਾ ਰਹੇ ਹਨ ਐਮ.ਬੀ.ਐਸ.
ਅਮਰੀਕੀ ਅਖਬਾਰ ਵਾਲ ਸਟ੍ਰੀਟ ਜਨਰਲ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਹਨਾਂ 'ਤੇ ਦੇਸ਼ਧਰੋਹ ਦਾ ਦੋਸ਼ ਲਾਇਆ ਗਿਆ ਤੇ ਉਹਨਾਂ ਨੂੰ ਕਸਟਡੀ ਵਿਚ ਲੈ ਲਿਆ ਗਿਆ ਹੈ। ਨਿਊਯਾਰਕ ਟਾਈਮਸ ਵਲੋਂ ਵੀ ਹਿਰਾਸਤ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨਿਊਯਾਰਕ ਟਾਈਮਸ ਨੇ ਦੱਸਿਆ ਕਿ ਪ੍ਰਿੰਸ ਨਯਾਫ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਸਾਊਦੀ ਅਧਿਕਾਰੀਆਂ ਵਲੋਂ ਇਸ ਘਟਨਾ 'ਤੇ ਫਿਲਹਾਲ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਐਮ.ਬੀ.ਐਸ. ਨੇ ਪਿਛਲੇ ਕੁਝ ਦਿਨਾਂ ਵਿਚ ਸਾਊਦੀ ਦੇ ਸੀਨੀਅਰ ਮੌਲਵੀਆਂ ਤੇ ਵਰਕਰਾਂ ਤੋਂ ਇਲਾਵਾ ਕੁਝ ਰਾਜਕੁਮਾਰਾਂ ਤੇ ਬਿਜ਼ਨੈਸ ਕਲਾਸ ਦੇ ਕੁਝ ਨਾਮੀ ਲੋਕਾਂ 'ਤੇ ਐਕਸ਼ਨ ਲਿਆ ਹੈ। ਐਮ.ਬੀ.ਐਸ. ਅਕਤੂਬਰ 2018 ਵਿਚ ਪੱਤਰਕਾਰ ਤੇ ਉਹਨਾਂ ਦੇ ਨਿੰਦਕ ਜਮਾਲ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਪਹਿਲਾਂ ਤੋਂ ਹੀ ਅੰਤਰਰਾਸ਼ਟਰੀ ਦਬਾਅ ਨੂੰ ਝੱਲਣ ਲਈ ਮਜਬੂਰ ਹਨ। ਜੂਨ 2017 ਵਿਚ ਐਮ.ਬੀ.ਐਸ. ਨੇ ਪ੍ਰਿੰਸ ਨਯਾਫ ਨੂੰ ਬਾਹਰ ਕਰ ਦਿੱਤਾ ਸੀ ਤੇ ਉਹ ਉਸ ਸਮੇਂ ਸਾਊਦੀ ਦੇ ਕ੍ਰਾਊਨ ਪ੍ਰਿੰਸ ਸਨ। ਇਸ ਤੋਂ ਇਲਾਵਾ ਉਹਨਾਂ ਦੇ ਕੋਲ ਦੇਸ਼ ਦਾ ਗ੍ਰਹਿ ਮੰਤਰਾਲਾ ਵੀ ਸੀ। ਦੱਸਿਆ ਜਾ ਰਿਹਾ ਹੈ ਕਿ ਐਮ.ਬੀ.ਐਸ. ਅਰਬ ਦੇਸ਼ਾਂ ਵਿਚ ਸਭ ਤੋਂ ਤਾਕਤਵਰ ਰਾਜਸ਼ਾਹੀ ਦੇ ਉੱਤਰਾਧਿਕਾਰੀ ਬਣਨਾ ਚਾਹੁੰਦੇ ਹਨ ਤੇ ਇਸ ਲਈ ਉਹਨਾਂ ਨੇ ਇਹ ਕਦਮ ਚੁੱਕਿਆ ਹੈ।