ਸੇਨੇਗਲ ''ਚ ਗ੍ਰਿਫਤਾਰ ਅੰਡਰਵਰਲਡ ਡਾਨ ਰਵੀ ਪੁਜਾਰੀ, ਜਲਦ ਹੋਵੇਗੀ ਭਾਰਤ ਨੂੰ ਹਵਾਲਗੀ

2/1/2019 9:40:53 AM

ਡਕਾਰ (ਬਿਊਰੋ)— ਅਫਰੀਕੀ ਦੇਸ਼ ਸੇਨੇਗਲ ਦੇ ਡਕਾਰ ਇਲਾਕੇ ਤੋਂ ਅੰਡਰਵਰਲਡ ਡਾਨ ਰਵੀ ਪੁਜਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੀ ਗ੍ਰਿਫਤਾਰੀ ਭਾਰਤੀ ਏਜੰਸੀਆਂ ਦੀ ਇਕ ਸੂਚਨਾ ਦੇ ਆਧਾਰ 'ਤੇ ਕੀਤੀ ਗਈ। ਖੁਫੀਆ Îਏਜੰਸੀਆਂ ਲਈ ਇਹ ਵੱਡੀ ਕਾਮਯਾਬੀ ਦੱਸੀ ਜਾ ਰਹੀ ਹੈ। ਰਵੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ। ਕੁਝ ਸਮਾਂ ਪਹਿਲਾਂ ਤੱਕ ਰਵੀ ਪੁਜਾਰੀ ਦੇ ਆਸਟ੍ਰੇਲੀਆ ਵਿਚ ਹੋਣ ਦੀ ਗੱਲ ਕਹੀ ਜਾ ਰਹੀ ਸੀ। ਭਾਵੇਂਕਿ ਖੁਫੀਆ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਉਹ ਇਨੀਂ ਦਿਨੀਂ ਸੇਨੇਗਲ ਵਿਚ ਰਹਿ ਰਿਹਾ ਸੀ। ਇਸ ਦੇ ਬਾਅਦ ਉੱਥੋਂ ਦੇ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ 22 ਜਨਵਰੀ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ। 

ਉੱਥੋਂ ਦੇ ਦੂਤਘਰ ਨੇ ਭਾਰਤੀ ਦੂਤਘਰ ਨੂੰ ਇਸ ਦੀ ਸੂਚਨਾ 26 ਜਨਵਰੀ ਨੂੰ ਦਿੱਤੀ। ਜਾਣਕਾਰੀ ਮੁਤਾਬਕ ਰਵੀ ਪੁਜਾਰੀ ਨੂੰ ਪੁੱਛਗਿੱਛ ਲਈ ਭਾਰਤ ਵੀ ਲਿਆਇਆ ਜਾ ਸਕਦਾ ਹੈ। ਉਹ 90 ਦੇ ਦਹਾਕੇ ਵਿਚ ਮੁੰਬਈ ਵਿਚ ਸਰਗਰਮ ਅਪਰਾਧੀ ਸੀ। ਉਸ 'ਤੇ ਹੱਤਿਆ, ਫਿਰੌਤੀ ਜਿਹੇ ਕਈ ਗੰਭੀਰ ਦੋਸ਼ ਹਨ। ਇੱਥੇ ਦੱਸ ਦਈਏ ਕਿ ਸ਼ੁਰੂ ਵਿਚ ਉਹ ਛੋਟਾ ਰਾਜਨ ਲਈ ਕੰਮ ਕਰਦਾ ਸੀ। ਛੋਟਾ ਰਾਜਨ ਫਿਲਹਾਲ ਨਵੀਂ ਮੁੰਬਈ ਦੀ ਜੇਲ ਵਿਚ ਬੰਦ ਹੈ। ਸਾਲ 2001 ਵਿਚ ਰਵੀ ਨੇ ਖੁਦ ਨੂੰ ਛੋਟਾ ਰਾਜਨ ਗਿਰੋਹ ਤੋਂ ਵੱਖ ਕਰ ਆਪਣੇ ਗੈਂਗ ਬਣਾ ਲਿਆ ਸੀ। 

ਰਵੀ ਦੇ ਸਾਥੀਆਂ ਨੇ ਸਾਲ 2014 ਵਿਚ ਫਿਲਮ ਨਿਰਦੇਸ਼ਕ ਮਹੇਸ਼ ਭੱਟ ਅਤੇ ਫਰਾਹ ਖਾਨ ਨੂੰ ਮਾਰਨ ਦੀ ਸਾਜਸ਼ ਰਚੀ ਸੀ। ਮੁੰਬਈ ਪੁਲਸ ਨੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਇਹ ਰਾਜ਼ ਖੋਲ੍ਹਿਆ ਸੀ। ਇਹੀ ਨਹੀਂ ਰਵੀ ਦੇ ਸਾਥੀਆਂ ਨੇ ਬਾਲੀਵੁੱਡ ਦੇ ਕਿੰਗ ਸ਼ਾਹਰੂਖ ਖਾਨ ਦੇ ਦਫਤਰ ਦੀ ਵੀ ਰੇਕੀ ਵੀ ਕੀਤੀ ਸੀ। ਖੁਫੀਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਅ ਕਿ ਰਵੀ ਪੁਜਾਰੀ ਉੱਥੇ ਮਹਾਰਾਜ ਨਾਮ ਦਾ ਰੈਸਟੋਰੈਂਟ ਚਲਾ ਰਿਹਾ ਸੀ। ਇਸ ਦੇ ਨਾਲ ਹੀ ਮੁੰਬਈ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿਚੋਂ ਵਸੂਲੀ ਲਈ ਫੋਨ ਵੀ ਕਰਦਾ ਸੀ।