ਨਵਾਜ਼ ਸ਼ਰੀਫ ਦੇ ਜਵਾਈ ਨੂੰ ਗ੍ਰਿਫ਼ਤਾਰ ਕਰਨ ਵਾਲੇ ਸੁਰੱਖਿਆ ਅਧਿਕਾਰੀ ਮੁਅੱਤਲ

Wednesday, Nov 11, 2020 - 10:31 AM (IST)

ਨਵਾਜ਼ ਸ਼ਰੀਫ ਦੇ ਜਵਾਈ ਨੂੰ ਗ੍ਰਿਫ਼ਤਾਰ ਕਰਨ ਵਾਲੇ ਸੁਰੱਖਿਆ ਅਧਿਕਾਰੀ ਮੁਅੱਤਲ

ਇਸਲਾਮਾਬਾਦ: ਪਾਕਿਸਤਾਨ ਸੈਨਾ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਮਹੀਨੇ ਕਰਾਚੀ 'ਚ ਇਕ ਹੋਟਲ 'ਚੋਂ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਕੈਪਟਨ ਮੁਹੰਮਦ ਸਫਦਰ ਨੂੰ ਗ੍ਰਿਫ਼ਤਾਰ ਕਰਨ ਵਾਲੇ ਸੁਰੱਖਿਆ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਫਦਰ ਨੂੰ ਨਾਅਰੇਬਾਜ਼ੀ ਅਤੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੰਨਾ ਦੇ ਸਮਾਰਕ ਦੀ ਪਵਿੱਤਰਤਾ ਭੰਗ ਕਰਨ ਦੇ ਦੋਸ਼ 'ਚ 18 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ 11 ਵਿਰੋਧੀ ਦਲਾਂ ਦੇ ਸੰਗਠਨ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਨੇ ਕਿਹਾ ਕਿ ਸਰਕਾਰ ਪਿਛਲੇ ਮਹੀਨੇ ਸ਼ੁਰੂ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਫਦਰ ਨੂੰ ਉਸ ਦਿਨ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। 
ਪਾਕਿਸਤਾਨ ਦੀ ਪੀਪੁਲਸ ਪਾਰਟੀ ਨੇ ਪੁੱਛਿਆ ਹੈ ਕਿ ਗ੍ਰਿਫ਼ਤਾਰੀ ਦਾ ਆਦੇਸ਼ ਕਿਸ ਨੇ ਦਿੱਤਾ ਸੀ। ਬਾਅਦ 'ਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਸਿੰਧ ਪ੍ਰਾਂਤ ਦੇ ਪੁਲਸ ਪ੍ਰਮੁੱਖ ਮੁਸ਼ਤਾਕ ਮਹਾਰ ਨੂੰ ਅਰਧ ਸੈਨਿਕ ਰੇਂਜਰਸ ਉਨ੍ਹਾਂ ਦੀ ਰਿਹਾਇਸ਼ ਤੋਂ ਲੈ ਗਈ ਅਤੇ ਇਕ ਮਾਮਲਾ ਦਰਜ ਕਰਨ ਲਈ ਦਬਾਅ ਬਣਾਇਆ ਅਤੇ ਸਫਦਰ ਦੀ ਗ੍ਰਿਫ਼ਤਾਰੀ ਦਾ ਆਦੇਸ਼ ਦਿੱਤਾ। ਇਸ ਤਰ੍ਹਾਂ ਦੀ ਕਾਰਵਾਈ ਲਈ ਰੇਂਜਰਸ ਦੀ ਵਿਆਪਕ ਪੱਧਰ 'ਤੇ ਆਲੋਚਨਾ ਹੋਈ ਜਿਸ ਤੋਂ ਬਾਅਦ ਸੈਨਾ ਪ੍ਰਮੁੱਖ ਜਨਰਲ ਕਮਰ ਬਾਜਵਾ ਨੇ ਜਾਂਚ ਦਾ ਆਦੇਸ਼ ਦਿੱਤਾ। 
ਸੈਨਾ ਦੀ ਮੀਡੀਆ ਇਕਾਈ ਅੰਤਰ ਸੇਵਾ ਜਨ ਸੰਪਰਕ (ਆਈ.ਐੱਸ.ਪੀ.ਆਰ.) ਨੇ ਮੰਗਲਵਾਰ ਨੂੰ ਕਿਹਾ ਕਿ 'ਕੋਰਟ ਆਫ ਇਨਕੁਆਇਰੀ' ਪੂਰੀ ਹੋ ਚੁੱਕੀ ਹੈ ਅਤੇ ਮਾਮਲੇ 'ਚ ਸ਼ਾਮਲ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਆਈ.ਐੱਸ.ਪੀ.ਆਰ. ਦੇ ਬਿਆਨ 'ਚ ਕਿਹਾ ਗਿਆ ਹੈ ਕਿ ਕੋਰਟ ਆਫ ਇਨਕੁਆਇਰੀ' ਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਸੰਬੰਧਤ ਅਧਿਕਾਰੀਆਂ ਨੂੰ ਅਗਲੀ ਕਾਰਵਾਈ ਹੋਣ 'ਤੇ ਮੌਜੂਦਾ ਜ਼ਿੰਮੇਵਾਰੀ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ।


author

Aarti dhillon

Content Editor

Related News