ਭਾਰਤੀ ਡੇਵਿਸ ਕੱਪ ਟੀਮ ਲਈ ‘ਰਾਸ਼ਟਰੀ ਮੁਖੀਆਂ’ ਵਰਗੀ ਸੁਰੱਖਿਆ, ਇਸਲਾਮਾਬਾਦ ''ਚ ਲੱਗੇ 10,000 ਕੈਮਰੇ

01/30/2024 11:50:38 AM

ਇਸਲਾਮਾਬਾਦ, (ਭਾਸ਼ਾ)– ਡੇਵਿਸ ਕੱਪ ਮੁਕਾਬਲੇ ਲਈ ਲਗਭਗ 60 ਸਾਲ ਵਿਚ ਪਹਿਲੀ ਵਾਰ ਪਾਕਿਸਤਾਨ ਦੌਰੇ ’ਤੇ ਗਈ ਭਾਰਤੀ ਟੈਨਿਸ ਟੀਮ ਨੂੰ ਇਸ ਦੇਸ਼ ਦੀ ਯਾਤਰਾ ਕਰਨ ਵਾਲੇ ਰਾਸ਼ਟਰ ਮੁਖੀਆਂ ਵਰਗੀਆਂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਖਿਡਾਰੀਆਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਲਾਗੂ ਸੁਰੱਖਿਆ ਯੋਜਨਾ ਤਹਿਤ ਇਕ ਬੰਬ ਰੋਕੂ ਦਸਤਾ ਹਰ ਸਵੇਰੇ ਇਸਲਾਮਾਬਾਦ ਸਪੋਰਟਸ ਕੰਪਲੈਕਸ ਦੀ ਜਾਂਚ ਕਰੇਗਾ ਤੇ ਯਾਤਰਾ ਦੌਰਾਨ ਭਾਰਤੀ ਟੀਮ ਦੋ ਐਸਕਾਰਟ ਵਾਹਨਾਂ ਦੀ ਨਿਗਰਾਨੀ ਵਿਚ ਰਹੇਗੀ।

ਪਾਕਿਸਤਾਨ ਟੈਨਿਸ ਸੰਘ (ਪੀ. ਟੀ. ਐੱਫ.) ਸੁਰੱਖਿਆ ਪਹਿਲੂ ’ਤੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ ਹੈ। ਭਾਰਤੀ ਖਿਡਾਰੀ ਜ਼ਿਆਦਾਤਰ ਆਯੋਜਨ ਸਥਾਨ ਅਤੇ ਹੋਟਲ ਤਕ ਹੀ ਸੀਮਤ ਰਹਿਣਗੇ। ਖਿਡਾਰੀਆਂ ਲਈ ਇਹ ਸਥਿਤੀ ਹਾਲਾਂਕਿ ਥੋੜ੍ਹੀ ਮੁਸ਼ਕਿਲ ਹੋ ਸਕਦੀ ਹੈ। ਪੀ. ਟੀ. ਐੱਫ. ਕੌਮਾਂਤਰੀ ਟੈਨਿਸ ਸੰਘ (ਆਈ. ਟੀ. ਐੱਫ.) ਵਲੋਂ ਮਨਜ਼ੂਰ ਸੁਰੱਖਿਆ ਯੋਜਨਾ ਦੀ ਪਾਲਣਾ ਕਰ ਰਿਹਾ ਹੈ।

ਇਹ ਵੀ ਪੜ੍ਹੋ : ISSF WC 2024 : ਦਿਵਿਆਂਸ਼ ਪੰਵਾਰ ਨੇ ਵਿਸ਼ਵ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ

ਪੀ. ਟੀ. ਐੱਫ. ਦੇ ਜਨਰਲ ਸਕੱਤਰ ਕਰਨਲ ਗੁਲ ਰਹਿਮਾਨ ਨੇ ਕਿਹਾ ਕਿ ਭਾਰਤੀ ਟੀਮ 60 ਸਾਲ ਬਾਅਦ ਪਾਕਿਸਤਾਨ ਆਈ ਹੈ, ਇਸ ਲਈ ਅਸੀਂ ਵਾਧੂ ਚੌਕਸੀ ਵਰਤ ਰਹੇ ਹਾਂ। ਭਾਰਤੀ ਟੀਮ ਦੇ ਚਾਰੇ ਪਾਸੇ ਸੁਰੱਖਿਆ ਦੀਆੰ ਚਾਰ-ਪੰਜ ਪਰਤਾਂ ਹਨ। ਟੀਮ ਵੀ. ਵੀ. ਆਈ. ਪੀ. ਗੇਟ ਰਾਹੀਂ ਹੋਟਲ ਵਿਚ ਪ੍ਰਵੇਸ਼ ਕਰਦੀ ਹੈ ਜਿਹੜਾ ਰਾਜ ਦੇ ਪ੍ਰਮੁੱਖਾਂ ਲਈ ਰਿਜ਼ਰਵ ਹੈ। ਇਸਲਾਮਾਬਾਦ ਏਸ਼ੀਆ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿਚੋਂ ਇਕ ਹੈ। ਆਮ ਚੋਣਾਂ ਨੇੜੇ ਆ ਰਹੀਆਂ ਹਨ, ਅਜਿਹੇ ਵਿਚ ਸੁਰੱਖਿਆ ਪਹਿਲਾਂ ਤੋਂ ਹੀ ਸਖਤ ਹੈ। ਇੱਥੇ ਲਗਾਤਾਰ ਹਵਾਈ ਨਿਗਰਾਨੀ ਹੋ ਰਹੀ ਹੈ, ਸ਼ਹਿਰ ਵਿਚ ਲਗਭਗ 10,000 ਕੈਮਰੇ ਲੱਗੇ ਹਨ। ਭਾਰਤੀ ਖਿਡਾਰੀਆਂ ਦੀ ਸੁਰੱਖਿਆ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

ਰਹਿਮਾਨ ਨੇ ਕਿਹਾ ਕਿ ਭਾਰਤੀ ਟੀਮ ਦੀ ਮੇਜ਼ਬਾਨੀ ਕਰਨਾ ਨਾ ਸਿਰਫ ਪੀ. ਟੀ. ਐੱਫ. ਲਈ ਸਗੋਂ ਪਾਕਿਸਤਾਨ ਲਈ ਵੀ ਸਨਮਾਨ ਦੀ ਗੱਲ ਹੈ। ਅਸੀਂ ਖੇਡ ਕੂਟਨੀਤੀ ਵਿਚ ਭਰੋਸਾ ਰੱਖਦੇ ਹਾਂ। ਪਾਕਿਸਤਾਨ ਨੇ ਆਪਣੀ ਤਾਕਤ ਦੇ ਅਨੁਸਾਰ ਖੇਡਣ ਲਈ ਗ੍ਰਾਸ ਕੋਰਟ (ਘਾਹ ਵਾਲਾ ਕੋਰਟ) ਨੂੰ ਚੁਣਿਆ ਹੈ ਪਰ ਮੇਜ਼ਬਾਨ ਟੀਮ ਘਰੇਲੂ ਹਾਲਾਤ ਦਾ ਪੂਰਣ ਰੂਪ ਨਾਲ ਫਾਇਦਾ ਨਹੀਂ ਚੁੱਕ ਸਕੇਗੀ ਕਿਉਂਕਿ ਜ਼ਿਆਦਾਤਰ 500 ਪ੍ਰਸ਼ੰਸਕਾਂ ਨੂੰ ਹੀ ਮੈਚ ਦੇਖਣ ਦੀ ਮਨਜ਼ੂਰੀ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News