ਦੁਨੀਆ ਦੇ 81 ਦੇਸ਼ਾਂ 'ਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ, 36 ਦੇਸ਼ਾਂ 'ਚ ਘੱਟ ਹੋਏ ਮਾਮਲੇ
Sunday, Jun 21, 2020 - 10:31 PM (IST)

ਵਾਸ਼ਿੰਗਟਨ- ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਾਫੀ ਤੇਜ਼ੀ ਦੇਖੀ ਜਾ ਰਹੀ ਹੈ। 81 ਦੇਸ਼ਾਂ ਵਿਚ ਵਾਇਰਸ ਦੀ ਦੂਜੀ ਲਹਿਰ ਉੱਠ ਰਹੀ ਹੈ। ਚੀਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਖਤਮ ਹੋਣ ਤੋਂ ਬਾਅਦ ਪਿਛਲੇ ਦੋ-ਤਿੰਨ ਹਫਤਿਆਂ ਤੋਂ ਰਾਜਧਾਨੀ ਬੀਜਿੰਗ ਵਿਚ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਅਮਰੀਕਾ, ਪਾਕਿਸਤਾਨ, ਬੰਗਲਾਦੇਸ਼, ਇਜ਼ਰਾਇਲ, ਸਵੀਡਨ, ਦੱਖਣੀ ਅਫਰੀਕਾ, ਬ੍ਰਾਜ਼ੀਲ ਆਦਿ ਦੇਸ਼ਾਂ ਵਿਚ ਕੋਰਨਾ ਵਾਇਰਸ ਬਹੁਤ ਜ਼ੋਰਦਾਰ ਤਰੀਕੇ ਨਾਲ ਤਬਾਹੀ ਮਚਾ ਰਿਹਾ ਹੈ। ਸਿਰਫ 36 ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਗਿਰਾਵਟ ਆਈ ਹੈ। ਡਬਲਯੂ.ਐੱਚ.ਓ. ਦੇ ਮੁਖੀ ਡਾ. ਟੇਡ੍ਰੋਸ ਗੇਬ੍ਰੇਯਸੇਸ ਨੇ ਵੀ ਇਹ ਚਿਤਾਵਨੀ ਜਾਰੀ ਕੀਤੀ ਹੈ ਕਿ ਦੱਖਣੀ ਏਸ਼ੀਆ, ਮੱਧ ਪੂਰਬ ਤੇ ਅਫਰੀਕੀ ਦੇਸ਼ਾਂ ਵਿਚ ਹਾਲਾਤ ਅਜੇ ਹੋਰ ਖਰਾਬ ਹੋਣਗੇ।
ਅਫਰੀਕਾ ਵਿਚ ਕੋਰੋਨਾ ਵਾਇਰਸ ਦੇ ਇਕ ਲੱਖ ਤੋਂ ਵਧੇਰੇ ਮਾਮਲੇ
ਅਫਰੀਕਾ ਵਿਚ ਤਕਰੀਬਨ ਤਿੰਨ ਮਹੀਨਿਆਂ ਤੋਂ ਵਧੇਰੇ ਸਮੇਂ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ 1 ਲੱਖ ਤੋਂ ਵਧੇਰੇ ਮਾਮਲੇ ਆਏ ਹਨ ਜਦਕਿ ਇਥੇ 19 ਦਿਨ ਵਿਚ ਹੀ ਪਾਜ਼ੇਟਿਵ ਮਾਮਲੇ ਦੁੱਗਣੇ ਹੋ ਗਏ। ਦੱਖਣੀ ਅਫਰੀਕਾ ਵਿਚ ਔਸਤਨ ਹਰ ਰੋਜ਼ ਇਕ ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ।
ਅਮਰੀਕਾ ਵਿਚ ਸੋਮਵਾਰ ਤੋਂ ਅਨਲਾਕ-2 ਸ਼ੁਰੂ ਹੋ ਜਾਵੇਗਾ
ਡਾ. ਟੇਡ੍ਰੋਸ ਗੇਬ੍ਰੇਯਸੇਸ ਨੇ ਕਿਹਾ ਕਿ ਜ਼ਿਆਦਾਤਰ ਦੇਸ਼ਾਂ ਵਿਚ ਅਨਲਾਕ ਦੇ ਕਾਰਣ ਕੋਰੋਨਾ ਦਾ ਜੋਖਿਮ ਵਧਿਆ ਹੈ। ਲੋਕ ਕੋਰੋਨਾ ਤੋਂ ਬਚਾਅ ਦੇ ਨਿਯਮਾਂ ਵਿਚ ਕੁਤਾਹੀ ਵਰਤ ਰਹੇ ਹਨ। ਇਥੋਂ ਤੱਕ ਕਿ ਮਾਸਕ ਵੀ ਠੀਕ ਤਰ੍ਹਾਂ ਨਹੀਂ ਲਗਾ ਰਹੇ ਹਨ। ਇਨ੍ਹਾਂ ਦੇਸ਼ਾਂ ਵਿਚ ਪਿਛਲੇ ਦੋ ਹਫਤਿਆਂ ਵਿਚ ਇਨਫੈਕਸ਼ਨ ਤੇਜ਼ ਹੋਇਆ ਹੈ। ਦੁਨੀਆ ਭਰ ਵਿਚ ਵੀਰਵਾਰ ਨੂੰ ਆਏ ਨਵੇਂ ਮਾਮਲੇ ਵਿਚੋਂ ਅੱਧੇ ਅਮਰੀਕਾ ਵਿਚ ਹੀ ਦਰਜ ਕੀਤੇ ਗਏ ਹਨ। ਇਸ ਦੇ ਬਾਵਜੂਦ ਅਮਰੀਕਾ ਵਿਚ ਸੋਮਵਾਰ ਤੋਂ ਅਨਲਾਕ-2 ਸ਼ੁਰੂ ਹੋ ਜਾਵੇਗਾ।
ਅਮਰੀਕਾ ਦੇ 2 ਪ੍ਰਮੁੱਖ ਸ਼ਹਿਰਾਂ ਵਾਸ਼ਿੰਗਟਨ ਤੇ ਨਿਊਯਾਰਕ ਸਿਟੀ ਵਿਚ ਸਲੂਨ ਤੇ ਹੋਰ ਦੁਕਾਨਾਂ ਖੁੱਲ੍ਹ ਜਾਣਗੀਆਂ। ਹੋਟਲ ਤੇ ਰੈਸਤਰਾਂ ਖੁੱਲ੍ਹ ਜਾਣਗੇ। ਇਥੇ ਧਾਰਮਿਕ ਸਥਾਨਾਂ ਨੂੰ ਵੀ ਖੋਲ੍ਹਿਆ ਜਾ ਰਿਹਾ ਹੈ। ਇਥੇ 100 ਤੋਂ ਵਧੇਰੇ ਲੋਕਾਂ ਦੇ ਜਮਾ ਹੋਣ ਦੀ ਆਗਿਆ ਨਹੀਂ ਹੈ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 22,98,108 ਮਾਮਲੇ ਸਾਹਮਣੇ ਆਏ ਹਨ ਜਦਕਿ 1,21,424 ਮੌਤਾਂ ਹੋਈਆਂ ਹਨ।