ਸਕਾਟਿਸ਼ ਜਨਾਨੀ ਨੂੰ ਇਸ ਕੰਮ ਬਦਲੇ ਮਿਲੀ ਇਕ ਸਾਲ ਲਈ ਦੁੱਧ ਦੀ ਮੁਫ਼ਤ ਸਪਲਾਈ

Saturday, Feb 13, 2021 - 03:18 PM (IST)

ਸਕਾਟਿਸ਼ ਜਨਾਨੀ ਨੂੰ ਇਸ ਕੰਮ ਬਦਲੇ ਮਿਲੀ ਇਕ ਸਾਲ ਲਈ ਦੁੱਧ ਦੀ ਮੁਫ਼ਤ ਸਪਲਾਈ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਜੇਕਰ ਸੱਚੇ ਦਿਲੋਂ ਅਤੇ ਬਿਨਾਂ ਕਿਸੇ ਲੋਭ ਲਾਲਚ ਦੇ ਕਿਸੇ ਦੀ ਸਹਾਇਤਾ ਕੀਤੀ ਜਾਵੇ ਤਾਂ ਉਹ ਜ਼ਰੂਰ ਸਫ਼ਲ ਹੁੰਦੀ ਹੈ। ਸਕਾਟਲੈਂਡ ਵਿਚ ਵੀ ਇੱਕ ਜਨਾਨੀ ਨੂੰ ਉਸ ਦੁਆਰਾ ਬਰਫਬਾਰੀ ਦੌਰਾਨ ਦੁੱਧ ਵਾਲੀ ਗੱਡੀ ਨੂੰ ਧੱਕਾ ਲਾਉਣ ਦੇ ਰੂਪ ਵਿੱਚ ਕੀਤੀ ਸਹਾਇਤਾ ਬਦਲੇ ਇਕ ਸਾਲ ਲਈ ਮੁਫ਼ਤ ਦੁੱਧ ਦੀ ਸਪਲਾਈ ਇਨਾਮ ਵਿਚ ਮਿਲੀ ਹੈ। 

ਚਾਰਲੀਨ ਲੇਸਲੀ ਨਾਮ ਦੀ ਇਸ ਜਨਾਨੀ ਦੁਆਰਾ ਫਾਈਫ ਦੇ ਕਾਉਡਨਬੀਥ ਵਿਚ ਬਰਫ ਨਾਲ ਭਰੀ ਸੜਕ 'ਤੇ ਗ੍ਰਾਹਮ ਡੇਅਰੀ ਦੇ ਦੁੱਧ ਵਾਲੇ ਟਰੱਕ ਨੂੰ ਸਹਾਇਤਾ ਦੇਣ ਦਾ ਦ੍ਰਿਸ਼ ਇੱਕ ਵੀਡੀਓ ਵਿੱਚ ਰਿਕਾਰਡ ਹੋ ਗਿਆ ਸੀ। ਸਕਾਟਲੈਂਡ ਦੇ ਐਡਿਨਬਰਾ ਨਾਲ ਸੰਬੰਧਿਤ ਤਿੰਨ ਬੱਚਿਆਂ ਦੀ ਮਾਂ ਲੇਸਲੀ ਦੀ ਇਹ ਵੀਡੀਓ ਆਨਲਾਈਨ ਸਾਹਮਣੇ ਆਉਣ ਤੋਂ ਬਾਅਦ ਵਾਇਰਲ ਹੋ ਗਈ। ਅਸਲ ਵਿੱਚ ਲੇਸਲੀ ਉਸ ਦਿਨ ਆਪਣੇ ਤਿੰਨ ਬੱਚਿਆਂ ਸਮੇਤ ਸਥਾਨਕ ਜਗ੍ਹਾ ਦੀ ਇੱਕ ਦੁਕਾਨ ਜਾ ਰਹੀ ਸੀ, ਜਿਸ ਦੌਰਾਨ ਉਸਨੇ ਕਾਉਂਡਨਬੀਥ ਦੀ ਸੜਕ 'ਤੇ ਬਰਫ ਵਿੱਚ ਫਸੀ ਕਾਰ ਵੇਖੀ, ਇਸ ਦੇ ਨਾਲ ਹੀ ਗ੍ਰਾਹਮ ਡੇਅਰੀ ਦਾ ਟਰੱਕ ਵੀ ਅੱਗੇ ਵੱਲ ਜਾਣ ਲਈ ਜੱਦੋਜਹਿਦ ਕਰ ਰਿਹਾ ਸੀ। 

PunjabKesari
ਲੇਸਲੀ ਅਨੁਸਾਰ ਟਰੱਕ ਬਰਫ ਵਿਚ ਅਟਕਿਆ ਹੋਇਆ ਸੀ ਅਤੇ ਉਸ ਨੇ ਬੱਚਿਆਂ ਨੂੰ ਦੁਕਾਨ ਵਿੱਚ ਛੱਡ ਕੇ ਟਰੱਕ ਨੂੰ ਪਿਛਲੇ ਪਾਸੇ ਤੋਂ ਧੱਕਾ ਲਗਾ ਕੇ ਅੱਗੇ ਜਾਣ ਵੱਲ ਆਪਣਾ ਯੋਗਦਾਨ ਦਿੱਤਾ। ਗ੍ਰਾਹਮ ਦੀ ਫੈਮਿਲੀ ਡੇਅਰੀ ਦੇ ਚੇਅਰਮੈਨ ਡਾ. ਰਾਬਰਟ ਗ੍ਰਾਹਮ ਨੇ ਲੇਸਲੀ ਦੀ ਇਸ ਕਾਰਵਾਈ ਦੀ ਵੀਡਿਓ ਵੇਖਣ ਤੋਂ ਬਾਅਦ ਉਸ ਦੀ ਸ਼ਲਾਘਾ ਕਰਦਿਆਂ ਉਸਦਾ ਧੰਨਵਾਦ ਕਰਨ ਲਈ ਡੇਅਰੀ ਦਾ ਦੁੱਧ ਅਤੇ ਪ੍ਰੋਟੀਨ ਉਤਪਾਦ ਇੱਕ ਸਾਲ ਲਈ ਮੁਫਤ ਦੇਣ ਦਾ ਐਲਾਨ ਕੀਤਾ। ਲੇਸਲੀ ਨੇ ਇਸ ਬਾਰੇ ਬੋਲਦਿਆਂ ਦੱਸਿਆ ਕਿ ਉਸ ਨੇ ਕੁੱਝ ਪ੍ਰਾਪਤ ਕਰਨ ਲਈ ਸਹਾਇਤਾ ਨਹੀਂ ਕੀਤੀ ਸੀ ਪਰ ਉਹ ਡੇਅਰੀ ਉਤਪਾਦਾਂ ਦੀ ਪੇਸ਼ਕਸ਼ ਤੋਂ ਬਹੁਤ ਖੁਸ਼ ਹੈ।
 


author

Lalita Mam

Content Editor

Related News