ਸਕਾਟਲੈਂਡ ''ਚ 26 ਦਸੰਬਰ ਤੋਂ ਲਗਾਈਆਂ ਜਾਣਗੀਆਂ ਕੋਰੋਨਾ ਤੋਂ ਸੁਰੱਖਿਆ ਲਈ ਨਵੀਆਂ ਪਾਬੰਦੀਆਂ

Wednesday, Dec 22, 2021 - 04:54 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਸਬੰਧੀ ਸਰਕਾਰ ਵੱਲੋਂ ਕੁੱਝ ਨਵੀਆਂ ਪਾਬੰਦੀਆਂ ਵੀ 26 ਦਸੰਬਰ ਤੋਂ ਲਗਾਈਆਂ ਜਾ ਰਹੀਆਂ ਹਨ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਜਾਣਕਾਰੀ ਦਿੱਤੀ ਕਿ ਓਮੀਕਰੋਨ ਸਕਾਟਲੈਂਡ ਵਿਚ ਮਜ਼ਬੂਤੀ ਨਾਲ ਫੈਲਿਆ ਹੋਇਆ ਹੈ ਅਤੇ ਇਹ ਸਾਰੇ ਮਾਮਲਿਆਂ ਦਾ ਲਗਭਗ 63% ਹੈ।

ਇਸ ਦੇ ਇਲਾਵਾ ਸਕਾਟਿਸ਼ ਸਰਕਾਰ ਵੱਲੋਂ ਕੋਵਿਡ-19 ਦੇ ਹੋਰ 5,242 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 14.9% ਟੈਸਟ ਕੀਤੇ ਗਏ ਹਨ। ਸਟਰਜਨ ਨੇ ਪੁਸ਼ਟੀ ਕੀਤੀ ਕਿ ਪਿਛਲੇ ਇਕ ਹਫ਼ਤੇ ਵਿਚ ਕੇਸਾਂ ਵਿਚ 50% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਧਾ ਸਾਰੇ ਉਮਰ ਸਮੂਹਾਂ ਵਿਚ ਸੀ ਪਰ ਸਭ ਤੋਂ ਵੱਡਾ 161% ਦਾ ਵਾਧਾ 20 ਤੋਂ 24 ਸਾਲ ਦੀ ਉਮਰ ਦੀ ਸੀਮਾ ਵਿਚ ਸੀ। ਇਸ ਵਾਧੇ ਨੂੰ ਰੋਕਣ ਲਈ 26 ਦਸੰਬਰ ਤੋਂ ਤਿੰਨ ਹਫ਼ਤਿਆਂ ਤੱਕ, ਸਕਾਟਲੈਂਡ ਵਿਚ ਲਾਈਵ, ਜਨਤਕ, ਬਾਹਰੀ ਸਮਾਗਮਾਂ ਲਈ 500, ਇਨਡੋਰ ਸਮਾਗਮਾਂ 'ਚ 200 ਬੈਠੇ ਜਾਂ 100 ਖੜ੍ਹੇ ਲੋਕਾਂ ਦੀ ਸੀਮਾ ਹੋਵੇਗੀ ।

ਇਹ ਪਾਬੰਦੀਆਂ ਨਿੱਜੀ ਜੀਵਨ ਦੇ ਸਮਾਗਮਾਂ, ਜਿਵੇਂ ਕਿ ਵਿਆਹਾਂ 'ਤੇ ਲਾਗੂ ਨਹੀਂ ਹੁੰਦੀਆਂ ਹਨ। 27 ਦਸੰਬਰ ਤੋਂ ਤਿੰਨ ਹਫ਼ਤਿਆਂ ਲਈ ਸਕਾਟਲੈਂਡ ਦੇ ਸਾਰੇ ਪਰਾਹੁਣਚਾਰੀ ਸਥਾਨਾਂ ਨੂੰ ਟੇਬਲ ਸੇਵਾ ਦੇ ਆਧਾਰ 'ਤੇ ਹੀ ਕੰਮ ਕਰਨਾ ਹੋਵੇਗਾ, ਜੇਕਰ ਉਹ ਅਲਕੋਹਲ ਦੀ ਸੇਵਾ ਕਰਦੇ ਹਨ। ਲੋਕਾਂ ਦੇ ਸਮੂਹ ਤਿੰਨ ਘਰਾਂ ਤੱਕ ਸੀਮਿਤ ਹੋਣ ਦੇ ਨਾਲ-ਨਾਲ 1 ਮੀਟਰ ਦੀ ਸਰੀਰਕ ਦੂਰੀ ਦਾ ਵੀ ਨਿਯਮ ਹੋਵੇਗਾ। ਸਟਰਜਨ ਦਾ ਕਹਿਣਾ ਹੈ ਕਿ ਓਮੀਕਰੋਨ ਦੇ ਕਾਰਨ ਘੱਟ ਲੋਕਾਂ ਨੂੰ ਹਸਪਤਾਲ ਜਾਣ ਦੀ ਜ਼ਰੂਰਤ ਹੈ ਪਰ ਸਿਹਤ ਸੇਵਾਵਾਂ 'ਤੇ ਇਸਦਾ ਅਸਰ ਪਵੇਗਾ। ਸਕਾਟਲੈਂਡ ਵਿਚ ਸਰਕਾਰ ਵੱਲੋਂ ਛੁੱਟੀਆਂ ਤੋਂ ਬਾਅਦ ਸਕੂਲਾਂ ਨੂੰ ਆਮ ਵਾਂਗ ਖੋਲ੍ਹਣ ਨੂੰ ਪਹਿਲ ਦਿੱਤੀ ਜਾਵੇਗੀ।


cherry

Content Editor

Related News