ਸਕਾਟਲੈਂਡ: ਨਿਕੋਲਾ ਸਟਰਜਨ ਨੇ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ਨਾਲ ਨਜਿੱਠਣ ਲਈ ਕੀਤਾ ਇਹ ਐਲਾਨ
Thursday, Jan 21, 2021 - 05:46 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਨਸ਼ਿਆਂ ਦਾ ਰੁਝਾਨ ਕਾਫੀ ਹੱਦ ਤੱਕ ਵਧ ਰਿਹਾ ਹੈ।ਸਕਾਟਲੈਂਡ ਵਾਸੀਆਂ 'ਚ ਨਸ਼ੇ ਦੀ ਲਤ ਕਾਰਨ ਹਰ ਸਾਲ ਵੱਡੀ ਪੱਧਰ 'ਤੇ ਮੌਤਾਂ ਵੀ ਹੁੰਦੀਆਂ ਹਨ ਜੋ ਕਿ ਸਰਕਾਰ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨਸ਼ਿਆਂ ਦੀ ਇਸ ਗੰਭੀਰ ਰਾਸ਼ਟਰੀ ਸਮੱਸਿਆ ਦੇ ਸੰਬੰਧ ਵਿੱਚ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਅਗਲੇ ਪੰਜ ਸਾਲਾਂ ਦੌਰਾਨ 250 ਮਿਲੀਅਨ ਪੌਡ ਦੀ ਰਾਸ਼ੀ ਨਾਲ ਨਸ਼ਿਆਂ ਨਾਲ ਸਬੰਧਿਤ ਮੌਤਾਂ ਨਾਲ ਨਜਿੱਠਣ ਦੀ ਘੋਸ਼ਣਾ ਕੀਤੀ ਹੈ।
ਸਟਰਜਨ ਅਨੁਸਾਰ ਇਸ ਸਮੱਸਿਆ ਨੂੰ ਹੱਲ ਕਰਨ ਲਈ "ਰਾਸ਼ਟਰੀ ਮਿਸ਼ਨ" ਦੇ ਹਿੱਸੇ ਵਜੋਂ ਆਉਣ ਵਾਲੇ ਸੰਸਦੀ ਕਾਰਜਕਾਲ ਦੌਰਾਨ ਇੱਕ ਸਾਲ ਵਿੱਚ 50 ਮਿਲੀਅਨ ਪੌਂਡ ਅਲਾਟ ਕੀਤੇ ਜਾਣਗੇ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਕੜਿਆਂ ਅਨੁਸਾਰ 2019 'ਚ ਸਕਾਟਲੈਂਡ ਵਿੱਚ ਨਸ਼ਿਆਂ ਨਾਲ ਸਬੰਧਿਤ ਤਕਰੀਬਨ 1,264 ਮੌਤਾਂ ਹੋਈਆਂ ਹਨ ਜੋ ਕਿ ਯੂਰਪ ਵਿੱਚ ਸਭ ਤੋਂ ਉੱਚੀ ਮੌਤ ਦਰ ਅਤੇ ਹਰ ਰੋਜ਼ ਆਪਣੀ ਜਾਨ ਗਵਾਉਣ ਵਾਲੇ ਤਿੰਨ ਲੋਕਾਂ ਦੇ ਬਰਾਬਰ ਹੈ।
ਇਸ ਰਾਸ਼ੀ ਵਿੱਚੋਂ ਇੱਕ ਸਾਲ ਦੌਰਾਨ 20 ਮਿਲੀਅਨ ਪੌਂਡ ਰਿਹਾਇਸ਼ੀ ਮੁੜ ਵਸੇਬੇ ਲਈ ਵੰਡੇ ਜਾਣਗੇ ਜਿਸ ਨੂੰ ਕਿ ਸਕਾਟਲੈਂਡ ਨੇ ਹਾਲ ਹੀ ਦੇ ਸਾਲਾਂ ਵਿੱਚ ਛੱਡ ਦਿੱਤਾ ਸੀ। ਇਸ ਵਿੱਤੀ ਵਰ੍ਹੇ ਵਿੱਚ 5 ਮਿਲੀਅਨ ਪੌਂਡ ਇਹਨਾਂ ਸੇਵਾਵਾਂ ਲਈ ਦਿੱਤੇ ਜਾਣਗੇ ਜਦੋਂ ਕਿ 50 ਮਿਲੀਅਨ ਡਾਲਰ ਕਈ ਹੋਲ ਪ੍ਰੋਜੈਕਟਾਂ ਲਈ ਨਿਰਧਾਰਿਤ ਕੀਤੇ ਗਏ ਹਨ। ਇਸ ਦੇ ਇਲਾਵਾ ਦੇਸ਼ ਵਿੱਚ ਨਸ਼ਿਆਂ ਦੀ ਵਧੀ ਵਰਤੋਂ ਦੇ ਸੰਬੰਧ ਵਿੱਚ ਸਟਰਜਨ ਨੇ ਆਪਣੀ ਸਰਕਾਰ ਦੀਆਂ ਅਸਫਲਤਾਵਾਂ ਲਈ ਮੁਆਫੀ ਵੀ ਮੰਗੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।