ਸਕਾਟਲੈਂਡ : ਭਾਰਤ ਦੀ ਜੰਮਪਲ 98 ਸਾਲਾ ਬੇਬੇ ਨੇ ਕੋਰੋਨਾ ਵਾਇਰਸ ਨੂੰ ਹਰਾਇਆ
Thursday, Apr 09, 2020 - 06:57 AM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਹੁਣ ਤੱਕ ਹੋਈਆਂ ਮੌਤਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਕਾਰਨ ਜ਼ਿਆਦਾਤਰ ਬਜ਼ੁਰਗ ਜਾਂ ਮਾੜੀ ਇਮਿਊਨਟੀ ਵਾਲੇ ਲੋਕ ਹੀ ਜਾਨ ਤੋਂ ਹੱਥ ਧੋ ਬੈਠਦੇ ਹਨ ਪਰ ਸਕਾਟਲੈਂਡ ਦੇ ਪਰਥਸ਼ਾਇਰ ਇਲਾਕੇ ਦੀ ਰਹਿਣ ਵਾਲੀ ਬੇਬੇ ਨੇ ਇਸ ਤੱਥ ਨੂੰ ਝੂਠਾ ਸਾਬਤ ਕਰ ਦਿੱਤਾ ਹੈ। ਦੱਖਣੀ ਭਾਰਤੀ ਮੂਲ ਦੀ 98 ਸਾਲਾ ਡੈਫਨੇ ਸ਼ਾਹ ਨੇ ਵਡੇਰੀ ਉਮਰ ਦੇ ਬਾਵਜੂਦ ਕੋਰੋਨਾ ਵਾਇਰਸ ਨੂੰ ਹਰਾ ਦਿੱਤਾ ਹੈ।
1921 'ਚ ਕੋਚੀ ਵਿਚ ਜੰਮੀ ਡੈਫਨੇ ਸ਼ਾਹ 1980 ਵਿਚ ਸਕਾਟਲੈਂਡ ਦੇ ਸ਼ਹਿਰ ਪਰਥਸ਼ਾਇਰ ਆਉਣ ਵਸੀ ਸੀ ਤੇ ਹੁਣ ਸੇਂਟ ਮੇਡੋਅ ਵਿਖੇ ਰਹਿ ਰਹੀ ਹੈ। ਬੀਤੇ ਦਿਨੀਂ ਉਸ ਨੂੰ ਕੋਰੋਨਾ ਵਾਇਰਸ ਨੇ ਆਣ ਘੇਰਿਆ ਸੀ। ਤੰਦਰੁਸਤ ਹੋਣ ਕਾਰਨ ਹਸਪਤਾਲ ਡੈਫਨੇ ਦੀ ਤਾਕਤਵਰ ਇੱਛਾ ਸ਼ਕਤੀ ਤੋਂ ਹੈਰਾਨ ਨਜ਼ਰ ਆ ਰਿਹਾ ਸੀ, ਜਿਸ ਨੇ ਬੇਹੱਦ ਸਾਕਾਰਾਤਮਕ ਰਹਿ ਕੇ ਮੌਤ ਨੂੰ ਵੀ ਮਾਤ ਦੇ ਦਿੱਤੀ ਹੈ। ਤੰਦਰੁਸਤ ਹੋਣ ਉਪਰੰਤ ਉਹ ਆਪਣੇ ਘਰ ਆਰਾਮ ਕਰ ਰਹੀ ਹੈ। ਇਹ ਬੇਬੇ ਉਨ੍ਹਾਂ ਲੋਕਾਂ ਲਈ ਮਿਸਾਲ ਬਣੀ ਹੈ ਜੋ ਕੋਰੋਨਾ ਦੀ ਲਪੇਟ ਵਿਚ ਆਉਣ 'ਤੇ ਇਹ ਸੋਚਣ ਲੱਗ ਜਾਂਦੇ ਹਨ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਖਤਮ ਹੋ ਜਾਵੇਗੀ।