ਸਕਾਟਲੈਂਡ : ਤਾਲਾਬੰਦੀ ਦਾ ਬੱਚਿਆਂ ਦੀ ਮਾਨਸਿਕ ਸਿਹਤ ''ਤੇ ਹੋ ਰਿਹਾ ਬੁਰਾ ਪ੍ਰਭਾਵ

11/09/2020 5:31:40 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਸਮੱਸਿਆਵਾਂ ਦੇ ਹੱਲ ਲਈ ਚਾਈਲਡ ਲਾਈਨ ਦੀਆਂ ਕਾਲਾਂ ਵਿਚ ਵਾਧਾ ਹੋ ਰਿਹਾ ਹੈ। ਇਸ ਸੁਵਿਧਾ ਨੂੰ ਤਾਲਾਬੰਦੀ ਦੌਰਾਨ ਨੌਜਵਾਨਾਂ ਵੱਲੋਂ ਤਕਰੀਬਨ 2500 ਕਾਲਾਂ ਆਈਆਂ ਹਨ ਜੋ ਆਪਣੀ ਮਾਨਸਿਕ ਸਿਹਤ ਨਾਲ ਜੂਝ ਰਹੇ ਹਨ। ਮਾਰਚ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਲਗਾਈਆਂ ਗਈਆਂ ਸਨ, ਇਸ ਤੋਂ ਬਾਅਦ ਚਾਈਲਡ ਲਾਈਨ ਨੇ ਸਕਾਟਲੈਂਡ ਵਿਚ ਬੱਚਿਆਂ ਨਾਲ ਇਕੱਲਤਾ ਅਤੇ ਘੱਟ ਸਵੈ-ਮਾਣ ਸਮੇਤ ਭਾਵਨਾਤਮਕ ਅਤੇ ਮਾਨਸਿਕ ਸਿਹਤ ਦੇ ਮੁੱਦਿਆਂ ਬਾਰੇ 2,432 ਕਾਉਂਸਲਿੰਗ ਸੈਸ਼ਨ ਆਯੋਜਿਤ ਕੀਤੇ ਹਨ।

'ਨੈਸ਼ਨਲ ਸੁਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਏਲਟੀ ਟੂ ਚਿਲਡਰਨ' (ਐੱਨ. ਐੱਸ. ਪੀ. ਸੀ. ਸੀ.) ਵਲੋਂ ਚਲਾਈ ਗਈ ਰਾਸ਼ਟਰੀ ਹੈਲਪਲਾਈਨ ਨੇ ਕਿਹਾ ਹੈ ਕਿ ਖਾਣ ਦੀਆਂ ਬੀਮਾਰੀਆਂ (ਈਟਿੰਗ ਡਿਸਆਰਡਰ) ਅਤੇ ਸਰੀਰ ਦੇ ਬਦਲਦੇ ਪ੍ਰਭਾਵਾਂ ਬਾਰੇ ਸਲਾਹ ਮਸ਼ਵਰੇ ਦੇ ਸੈਸ਼ਨਾਂ ਵਿਚ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ 40 ਫੀਸਦੀ ਵਾਧਾ ਹੋਇਆ ਹੈ ਜਿਸ ਨਾਲ ਇਕ ਮਹੀਨੇ ਵਿਚ ਸੈਸ਼ਨਾਂ ਦੀ ਗਿਣਤੀ 335 ਤੋਂ 443 ਤੱਕ ਵੱਧ ਗਈ ਹੈ।

ਨੌਜਵਾਨ ਚਾਈਲਡ ਲਾਈਨ ਦੇ ਸੰਪਰਕ ਵਿਚ ਰਹਿੰਦੇ ਹਨ ਜਿਨ੍ਹਾਂ ਦੀ ਮਾਨਸਿਕ ਸਿਹਤ ਇਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਸਕਾਟਿਸ਼ ਸਕੂਲ ਦੀ ਇਕ ਲੜਕੀ ਕੋਰੀ ਲਿਵਰਸੀਜ਼ ਨੇ ਤਾਲਾਬੰਦੀ ਦੌਰਾਨ ਆਪਣੀ ਜਾਨ ਵੀ ਗੁਆ​ਲਈ ਸੀ। ਸੰਸਥਾ ਅਨੁਸਾਰ ਨੌਜਵਾਨ ਮਾਨਸਿਕ ਸਿਹਤ ਦੇ ਮੁੱਦਿਆਂ ਜਿਵੇਂ ਕਿ ਚਿੰਤਾ ਜਾਂ ਉਦਾਸੀ ਦਾ ਸਾਹਮਣਾ ਕਰ ਰਹੇ ਹਨ। ਉਹ ਖਾਣ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਇਹ ਬੱਚੇ ਅਕਸਰ ਆਪਣੇ ਮਾਪਿਆਂ ਅਤੇ ਪਰਿਵਾਰਾਂ ਤੋਂ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਲੁਕਾਉਂਦੇ ਹਨ।
 


Lalita Mam

Content Editor

Related News