ਸਕਾਟਲੈਂਡ : ਕੋਰੋਨਾ ਕਾਰਨ ਲੱਗੀ ਤਾਲਾਬੰਦੀ ''ਚ ਹੋਇਆ ਵਾਧਾ

Wednesday, Feb 03, 2021 - 02:44 PM (IST)

ਸਕਾਟਲੈਂਡ : ਕੋਰੋਨਾ ਕਾਰਨ ਲੱਗੀ ਤਾਲਾਬੰਦੀ ''ਚ ਹੋਇਆ ਵਾਧਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਵਾਇਰਸ ਦੇ ਹਾਲਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਮੌਜੂਦਾ ਤਾਲਾਬੰਦੀ ਨੂੰ ਤਕਰੀਬਨ ਇਕ ਮਹੀਨੇ ਲਈ ਫਰਵਰੀ ਦੇ ਅਖੀਰ ਤੱਕ ਵਧਾਇਆ ਗਿਆ ਹੈ। ਤਾਲਾਬੰਦੀ ਵਿਚ ਇਸ ਵਾਧੇ ਦੀ ਪੁਸ਼ਟੀ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਦੁਆਰਾ ਮੰਤਰੀਆਂ ਨਾਲ ਕੀਤੀ ਗਈ ਸਮੀਖਿਆ ਦੌਰਾਨ ਕੀਤੀ ਗਈ। ਸਟਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਧੇ ਦੌਰਾਨ ਜੇਕਰ ਵਾਇਰਸ ਸੰਕਰਮਣ ਦੇ ਪੱਧਰ ਵਿਚ ਲਗਾਤਾਰ ਗਿਰਾਵਟ ਆਉਂਦੀ ਰਹਿੰਦੀ ਹੈ ਤਾਂ ਸਕੂਲ ਲਗਭਗ ਤਿੰਨ ਹਫਤਿਆਂ ਵਿਚ P1-3 ਦੇ ਵਿਦਿਆਰਥੀਆਂ ਲਈ ਖੁੱਲ੍ਹ ਸਕਦੇ ਹਨ। ਜਦਕਿ ਵਾਇਰਸ ਦੇ ਫੈਲਾਅ ਨਾਲ ਨਜਿੱਠਣ ਲਈ ਵਿਦੇਸ਼ੀ ਯਾਤਰੀਆਂ ਲਈ ਇਕਾਂਤਵਾਸ ਨਿਯਮ ਸਖ਼ਤ ਕੀਤੇ ਜਾ ਰਹੇ ਹਨ। 

ਮੌਜੂਦਾ ਤਾਲਾਬੰਦੀ ਵਿਚ ਵਾਧਾ ਸਰਕਾਰ ਉੱਪਰ ਟੀਕਾਕਰਨ ਦੀ ਰਫ਼ਤਾਰ ਵਧਾਉਣ ਲਈ ਪਏ ਦਬਾਅ ਤੋਂ ਬਾਅਦ ਆਈ ਹੈ। ਸਿਹਤ ਸਕੱਤਰ ਜੀਨ ਫ੍ਰੀਮੈਨ ਨੇ ਨਵੰਬਰ ਵਿਚ ਜਨਵਰੀ ਦੇ ਅੰਤ ਤਕ ਇਕ ਮਿਲੀਅਨ ਲੋਕਾਂ ਨੂੰ ਟੀਕਾ ਲਗਾਉਣ ਦੀ ਸੰਭਾਵਨਾ ਬਾਰੇ ਕਿਹਾ ਸੀ ਪਰ ਟੀਕਾਕਰਨ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਸਿਰਫ 575,897 ਲੋਕਾਂ ਨੂੰ ਟੀਕੇ ਦੀ ਖੁਰਾਕ ਮਿਲੀ ਹੈ। 

ਵਾਇਰਸ ਸੰਬੰਧੀ ਅੰਕੜਿਆਂ ਅਨੁਸਾਰ ਸਕਾਟਲੈਂਡ ਵਿਚ ਪਿਛਲੇ 24 ਘੰਟਿਆਂ ਦੌਰਾਨ 69 ਨਵੀਆਂ ਕੋਰੋਨਾ ਵਾਇਰਸ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ  ਕੋਵਿਡ -19 ਦੇ 758 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਮਾਮਲਿਆਂ ਦੀ ਗਿਣਤੀ ਲਗਭਗ 181,291 ਹੋ ਗਈ ਹੈ। ਇਨ੍ਹਾਂ ਅੰਕੜਿਆਂ ਨਾਲ ਹੀ 1,939 ਲੋਕ ਹਸਪਤਾਲਾਂ ਵਿਚ ਦਾਖ਼ਲ ਹਨ, ਜਿਨ੍ਹਾਂ ਵਿਚੋਂ 143 ਵਿਅਕਤੀਆਂ ਦਾ ਇਲਾਜ ਗੰਭੀਰ ਨਿਗਰਾਨੀ ਯੂਨਿਟਾਂ ਵਿਚ ਕੀਤਾ ਜਾ ਰਿਹਾ ਹੈ।


author

Lalita Mam

Content Editor

Related News