ਸਕਾਟਲੈਂਡ ਅਤੇ ਵੇਲਜ਼ ਨੇ ਕੋਰੋਨਾ ਸੰਕਟ ਦੌਰਾਨ ਭਾਰਤ ਲਈ ਭੇਜੀ ਮੈਡੀਕਲ ਸਹਾਇਤਾ
Sunday, May 23, 2021 - 11:50 AM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾ ਵਾਇਰਸ ਦੀ ਜ਼ਬਰਦਸਤ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਦੀ ਦੁਨੀਆ ਦੇ ਮੋਹਰੀ ਦੇਸ਼ਾਂ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਇਹਨਾਂ ਦੇਸ਼ਾਂ ਦੀ ਲੜੀ ਵਿੱਚ ਸਕਾਟਲੈਂਡ ਅਤੇ ਵੇਲਜ ਵੀ ਸ਼ਾਮਿਲ ਹੋ ਗਏ ਹਨ। ਸਕਾਟਲੈਂਡ ਅਤੇ ਵੇਲਜ਼ ਤੋਂ ਸੈਂਕੜੇ ਜਿੰਦਗੀਆਂ ਬਚਾਉਣ ਲਈ ਮੈਡੀਕਲ ਉਪਕਰਨ ਭਾਰਤ ਭੇਜੇ ਗਏ ਹਨ। ਜਿਹਨਾਂ ਵਿੱਚ ਸਕਾਟਲੈਂਡ ਨੇ 40 ਵੈਂਟੀਲੇਟਰ ਅਤੇ 100 ਆਕਸੀਜਨ ਕੰਸਨਟ੍ਰੇਟਰ ਸਹਾਇਤਾ ਵਜੋਂ ਭੇਜੇ ਹਨ।
ਇਹ ਉਪਕਰਨ ਸ਼ੁੱਕਰਵਾਰ ਰਾਤ ਨੂੰ ਭਾਰਤ ਪਹੁੰਚੇ ਹਨ ਅਤੇ ਇੰਡੀਅਨ ਰੈਡ ਕਰਾਸ ਸੁਸਾਇਟੀ (ਆਈ ਆਰ ਸੀ ਐਸ) ਦੁਆਰਾ ਵੰਡੇ ਜਾਣਗੇ। ਇਸਦੇ ਇਲਾਵਾ ਵੇਲਜ਼ ਸਰਕਾਰ ਦੁਆਰਾ ਭੇਜੇ 638 ਆਕਸੀਜਨ ਕੰਸਨਟ੍ਰੇਟਰ ਅਤੇ 351 ਵੈਂਟੀਲੇਟਰ ਬੁੱਧਵਾਰ ਅਤੇ ਵੀਰਵਾਰ ਨੂੰ ਪਹੁੰਚੇ ਹਨ। ਭਾਰਤ ਨੇ ਇਸ ਹਫ਼ਤੇ ਰੋਜ਼ਾਨਾ ਮੌਤਾਂ ਦਾ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ, ਜੋ ਬੁੱਧਵਾਰ ਨੂੰ 4,529 ਤੱਕ ਪਹੁੰਚ ਗਿਆ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ 50 ਫੀਸਦੀ ਤੋਂ ਵੱਧ ਆਬਾਦੀ ਨੂੰ ਲੱਗੀ ਕੋਵਿਡ ਟੀਕੇ ਦੀ ਪਹਿਲੀ ਖੁਰਾਕ
ਸਕਾਟਲੈਂਡ ਅਤੇ ਵੇਲਜ਼ ਤੋਂ ਭੇਜੇ ਗਏ ਮੈਡੀਕਲ ਉਪਕਰਣਾਂ ਦੀ ਵਰਤੋਂ ਹਸਪਤਾਲਾਂ ਅਤੇ ਇੰਟਿਵੈਂਸਿਵ ਕੇਅਰ ਵਾਰਡਾਂ ਵਿੱਚ ਕੀਤੀ ਜਾ ਸਕਦੀ ਹੈ। ਸਕਾਟਲੈਂਡ ਸਰਕਾਰ ਅਨੁਸਾਰ ਯੂਕੇ ਤੋਂ ਭੇਜੀ ਗਈ ਸਹਾਇਤਾ ਚਾਰ ਦੇਸ਼ਾਂ ਦੇ ਵਾਧੂ ਸਟਾਕ, ਵਿਦੇਸ਼ੀ, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ ਦੁਆਰਾ ਫੰਡ ਕੀਤੀ ਗਈ ਹੈ। ਯੂਕੇ ਦੇ ਵਿਦੇਸ਼ ਸਕੱਤਰ ਡੋਮਿਨਿਕ ਰਾਬ ਅਨੁਸਾਰ ਵੀ ਬ੍ਰਿਟੇਨ, ਸਕਾਟਿਸ਼ ਅਤੇ ਵੈਲਸ਼ ਸਰਕਾਰਾਂ ਕੋਵਿਡ ਖ਼ਿਲਾਫ਼ ਸੰਘਰਸ਼ ਵਿੱਚ ਭਾਰਤ ਦੀ ਸਹਾਇਤਾ ਕਰਨ ਲਈ ਮਿਲ ਕੇ ਕੰਮ ਕਰ ਰਹੀਆਂ ਹਨ।
ਨੋਟ- ਸਕਾਟਲੈਂਡ ਅਤੇ ਵੇਲਜ਼ ਨੇ ਕੋਰੋਨਾ ਸੰਕਟ ਦੌਰਾਨ ਭਾਰਤ ਲਈ ਭੇਜੀ ਮੈਡੀਕਲ ਸਹਾਇਤਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।