ਸਕਾਟਲੈਂਡ: ਝੀਲਾਂ, ਤਲਾਬਾਂ ਦੇ ਜੰਮੇ ਪਾਣੀ ''ਤੇ ਨਾ ਤੁਰਨ, ਖੇਡਣ ਸਬੰਧੀ ਪ੍ਰਸ਼ਾਸਨ ਨੇ ਜਾਰੀ ਕੀਤੀ ਇਹ ਚਿਤਾਵਨੀ
Sunday, Dec 11, 2022 - 08:04 PM (IST)
![ਸਕਾਟਲੈਂਡ: ਝੀਲਾਂ, ਤਲਾਬਾਂ ਦੇ ਜੰਮੇ ਪਾਣੀ ''ਤੇ ਨਾ ਤੁਰਨ, ਖੇਡਣ ਸਬੰਧੀ ਪ੍ਰਸ਼ਾਸਨ ਨੇ ਜਾਰੀ ਕੀਤੀ ਇਹ ਚਿਤਾਵਨੀ](https://static.jagbani.com/multimedia/2022_12image_20_03_015099277scotland1copy.jpg)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ 'ਚ ਤਾਪਮਾਨ ਦੇ ਮਾਈਨਸ ਵਿੱਚ ਚਲੇ ਜਾਣ ਕਰਕੇ ਖੜ੍ਹਾ ਪਾਣੀ ਜੰਮ ਰਿਹਾ ਹੈ। ਝੀਲਾਂ, ਤਲਾਬ ਜ਼ਮੀਨ ਵਰਗੇ ਦਿਖਾਈ ਦੇ ਰਹੇ ਹਨ। ਕੱਲ੍ਹ-ਪਰਸੋਂ ਜਿਸ ਝੀਲ ਵਿੱਚ ਜਾਨਵਰ ਤੈਰ ਰਹੇ ਸਨ, ਉਹ ਪਾਣੀ ਜੰਮਿਆ ਪਿਆ ਹੈ। ਕੁਦਰਤ ਦੇ ਇਸ ਰੰਗ ਨੂੰ ਮਾਣਨ ਲਈ ਲੋਕਾਂ ਵੱਲੋਂ ਝੀਲਾਂ ਨੂੰ ਹੀ ਸਕੇਟਿੰਗ ਲਈ ਵਰਤਿਆ ਜਾਣ ਲੱਗਾ ਹੈ। ਇਸ ਸਬੰਧੀ ਸਥਾਨਕ ਪ੍ਰਸ਼ਾਸਨ ਵੱਲੋਂ ਹਰ ਵਾਰ ਦੀ ਤਰ੍ਹਾਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਕਿ ਜੰਮੇ ਹੋਏ ਪਾਣੀ ਉੱਪਰ ਤੁਰਨੋਂ ਜਾਂ ਖੇਡਣੋਂ ਗੁਰੇਜ਼ ਕੀਤਾ ਜਾਵੇ। ਬਰਫ਼ ਦੀ ਪਰਤ ਟੁੱਟਣ ਨਾਲ ਸੱਟ ਲੱਗਣ ਦਾ ਖਤਰਾ ਵਧ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਲੁਧਿਆਣਾ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ 'ਤੇ ਖਰਚ ਕਰੇਗੀ 42.37 ਕਰੋੜ : ਡਾ. ਨਿੱਜਰ
ਡੂੰਘੇ ਪਾਣੀ ਵਿੱਚ ਧਸ ਜਾਣ ਅਤੇ ਆਸ-ਪਾਸ ਬਰਫ਼ ਦੀ ਮੋਟੀ ਪਰਤ ਹੋਣ ਕਰਕੇ ਬਾਹਰ ਨਾ ਨਿਕਲਣ ਦਾ ਖਤਰਾ ਵੀ ਹੁੰਦਾ ਹੈ। ਅਜਿਹਾ ਕਰਦਿਆਂ ਜਾਨ ਵੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਅਜਿਹਾ ਕਰਦਿਆਂ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਜ਼ਖਮੀ ਵੀ ਹੁੰਦੇ ਹਨ ਤੇ ਮੌਤ ਹੋਣ ਵਰਗੀਆਂ ਦੁਖਦਾਈ ਘਟਨਾਵਾਂ ਵੀ ਵਾਪਰਦੀਆਂ ਹਨ। ਮੌਸਮ ਦੇ ਮਿਜ਼ਾਜ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਹਰ ਸਾਲ ਅਜਿਹੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਕਿ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਹੋ ਸਕੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।