ਸਕਾਟਲੈਂਡ : ਕੋਪ 26 ਸੰਮੇਲਨ ਤੋਂ ਪਹਿਲਾਂ ਹਾਈਡ੍ਰੋ ’ਚ ਹੋਇਆ ਆਖਰੀ ਕੋਰੋਨਾ ਟੀਕਾਕਰਨ

Monday, Jul 19, 2021 - 08:49 PM (IST)

ਸਕਾਟਲੈਂਡ : ਕੋਪ 26 ਸੰਮੇਲਨ ਤੋਂ ਪਹਿਲਾਂ ਹਾਈਡ੍ਰੋ ’ਚ ਹੋਇਆ ਆਖਰੀ ਕੋਰੋਨਾ ਟੀਕਾਕਰਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਗਲਾਸਗੋ ’ਚ ਕੋਰੋਨਾ ਮਹਾਮਾਰੀ ਦੌਰਾਨ ਜ਼ਿਆਦਾ ਲੋਕਾਂ ਦਾ ਟੀਕਾਕਰਨ ਕਰਨ ਲਈ ਹਾਈਡ੍ਰੋ ਨੂੰ ਇੱਕ ਵੱਡੇ ਵੈਕਸੀਨ ਕੇਂਦਰ ’ਚ ਤਬਦੀਲ ਕੀਤਾ ਗਿਆ ਸੀ ਪਰ ਹੁਣ ਇਹ ਕੇਂਦਰ ਗਲਾਸਗੋ ’ਚ ਇਸ ਸਾਲ ਹੋਣ ਵਾਲੇ ਕੋਪ 26 ਸੰਮੇਲਨ ਦੀ ਮੇਜ਼ਬਾਨੀ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਉਦੇਸ਼ ਲਈ ਇਸ ਸੈਂਟਰ ’ਚ ਆਖ਼ਰੀ ਵਾਰ ਕੋਰੋਨਾ ਟੀਕੇ ਲਗਵਾਏ ਗਏ। ਹਾਈਡ੍ਰੋ ਇੱਕ ਦਿਨ ’ਚ ਤਕਰੀਬਨ 5000 ਟੀਕੇ ਲਾਉਣ ਵਾਲਾ ਸਥਾਨ ਹੈ, ਇਸ ਨੂੰ ਐੱਨ. ਐੱਚ. ਐੱਸ. ਲੂਈਸਾ ਜੌਰਡਨ ਦੇ ਬੰਦ ਹੋਣ ਤੋਂ ਬਾਅਦ ਅਪ੍ਰੈਲ ਤੋਂ ਇੱਕ ਟੀਕਾ ਕੇਂਦਰ ਦੇ ਤੌਰ ’ਤੇ ਵਰਤਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਹਿਊਸਟਨ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ 3 ਮੌਤਾਂ

ਹਾਈਡ੍ਰੋ, ਜੋ ਮੁੱਖ ਰੂਪ ’ਚ ਸਕਾਟਲੈਂਡ ਦਾ ਈਵੈਂਟ ਕੈਂਪਸ ਹੈ, 31 ਅਕਤੂਬਰ ਤੋਂ 12 ਨਵੰਬਰ ਤੱਕ ਚੱਲ ਰਹੀ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਕਾਨਫਰੰਸ ਲਈ ਹਜ਼ਾਰਾਂ ਡੈਲੀਗੇਟਾਂ ਦਾ ਸਵਾਗਤ ਕਰਨ ਲਈ ਤਿਆਰੀ ਕਰੇਗਾ। ਕੋਰੋਨਾ ਟੀਕਾਕਰਨ ਸਬੰਧੀ ਸਿਹਤ ਸਕੱਤਰ ਹਮਜ਼ਾ ਯੂਸਫ਼ ਨੇ ਜਾਣਕਾਰੀ ਦਿੱਤੀ ਕਿ ਸਕਾਟਲੈਂਡ ਨੇ ਕੋਰੋਨਾ ਟੀਕਾਕਰਨ ’ਚ ਵਧੀਆ ਕਾਰਗੁਜ਼ਾਰੀ ਕੀਤੀ ਹੈ ਅਤੇ ਟੀਕਾਕਰਨ ਲਈ ਆਬਾਦੀ ਦੀ ਫੀਸਦੀ ਦੇ ਹਿਸਾਬ ਨਾਲ ਸਕਾਟਲੈਂਡ ਪਹਿਲੇ ਪੰਜਾਂ ’ਚ ਹੈ। ਅੰਕੜਿਆਂ ਅਨੁਸਾਰ ਸਕਾਟਲੈਂਡ ’ਚ 3,976,022 ਲੋਕਾਂ ਨੂੰ ਹੁਣ ਤੱਕ ਟੀਕਾਕਰਨ ਦੀ ਪਹਿਲੀ ਅਤੇ 2,966,054 ਲੋਕਾਂ ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ।


author

Manoj

Content Editor

Related News