3 ਸਾਲਾਂ ਪੁੱਤ ਦੀ ਕਾਤਲ ਮਾਂ ਸਮੇਂ ਤੋਂ ਪਹਿਲਾਂ ਜੇਲ੍ਹ ''ਚੋਂ ਰਿਹਾਅ, ਪਿਤਾ ਨੇ ਜਤਾਈ ਨਾਰਾਜ਼ਗੀ
Monday, Apr 26, 2021 - 02:27 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਤਿੰਨ ਸਾਲਾਂ ਬੱਚੇ ਮੀਕਾਇਲ ਕੁਲਾਰ ਦੇ ਕਤਲ ਦੇ ਦੋਸ਼ ਵਿਚ ਸਜ਼ਾ ਕੱਟ ਰਹੀ, ਉਸ ਦੀ ਮਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਗਿਆ ਹੈ, ਜਿਸ ਲਈ ਬੱਚੇ ਦੇ ਪਿਤਾ ਨੇ ਪ੍ਰਸ਼ਾਸਨ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਸਕਾਟਲੈਂਡ ਦੇ ਫਾਈਫ ਨਾਲ ਸਬੰਧਿਤ ਕੁਲਾਰ ਦੇ ਪਿਤਾ ਜ਼ਾਹਿਦ ਸਈਦ ਨੇ ਕਿਹਾ ਕਿ ਰੋਜ਼ਦੀਪ ਅਡੇਕੋਆ ਨੂੰ 11 ਸਾਲ ਦੀ ਸਜ਼ਾ ਮਿਲੀ ਸੀ, ਜਿਸ ਵਿਚੋਂ ਉਸ ਨੇ 7 ਸਾਲ ਤੋਂ ਵੀ ਘੱਟ ਸਮਾਂ ਸਲਾਖਾਂ ਪਿੱਛੇ ਬਿਤਾਇਆ ਹੈ, ਜੋ ਕਿ ਨਿਆਂ ਪ੍ਰਣਾਲੀ ਦੀ ਅਸਫ਼ਲਤਾ ਹੈ।
ਬੱਚੇ ਦੀ 41 ਸਾਲਾ ਕਾਤਲ ਮਾਂ ਨੂੰ ਐਡਿਨਬਰਾ ਹਾਈ ਕੋਰਟ ਨੇ 2014 ਵਿਚ ਜੇਲ੍ਹ ਭੇਜਿਆ ਸੀ, ਜਦੋਂ ਉਸ ਨੇ ਆਪਣੇ 3 ਸਾਲਾ ਬੱਚੇ ਦੀ ਕੁੱਟਮਾਰ ਕਰਕੇ ਉਸ ਨੂੰ ਜਾਨੋਂ ਮਾਰ ਦਿੱਤਾ ਸੀ। ਇਸ ਮਾਮਲੇ ਵਿਚ ਸਜ਼ਾ ਭੁਗਤ ਰਹੀ ਰੋਜ਼ਦੀਪ ਨੂੰ ਸ਼ਨੀਵਾਰ ਨੂੰ ਸਟਰਲਿੰਗ ਦੀ ਕੋਰਟਨ ਵੈਲ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਮੀਕਾਇਲ ਦੇ ਪਿਤਾ ਨੇ ਇਸ ਨੂੰ ਸਕਾਟਲੈਂਡ ਪੁਲਸ ਅਤੇ ਪ੍ਰਸ਼ਾਸਨ ਦੀ ਅਸਫ਼ਲਤਾ ਦੱਸਿਆ ਹੈ। 3 ਸਾਲਾ ਮਿਕਾਇਲ ਦੀ ਜਨਵਰੀ 2014 ਵਿਚ ਮੌਤ ਹੋ ਗਈ ਸੀ। ਰੋਜ਼ਦੀਪ ਦੇ 4 ਹੋਰ ਬੱਚੇ ਹਨ, ਉਸ ਨੇ ਮਿਕਾਇਲ ਦੀ ਜਾਨ ਲੈਣ ਦੇ ਬਾਅਦ, ਉਸ ਦੀ ਲਾਸ਼ ਨੂੰ ਸੂਟਕੇਸ ਵਿਚ ਪਾ ਕੇ ਕਿਰਕਿਲਡੀ ਵਿਚ ਆਪਣੀ ਭੈਣ ਦੇ ਘਰ ਦੇ ਪਿੱਛੇ ਸੁੱਟ ਦਿੱਤਾ ਸੀ ਅਤੇ ਦੋ ਦਿਨ ਬਾਅਦ ਉਸ ਦੀ ਲਾਸ਼ ਬਰਾਮਦ ਹੋਈ ਸੀ। ਮਿਕਾਇਲ ਦੇ ਸਰੀਰ 'ਤੇ ਜਖ਼ਮਾਂ ਦੇ 40 ਨਿਸ਼ਾਨ ਸਨ।
ਅਡੇਕੋਆ 'ਤੇ ਪਹਿਲਾਂ ਕਤਲ ਦਾ ਇਲਜ਼ਾਮ ਲਗਾਇਆ ਗਿਆ ਸੀ ਪਰ ਅਗਸਤ 2014 ਵਿਚ ਐਡੀਨਬਰਾ ਵਿਚ ਹਾਈ ਕੋਰਟ ਨੂੰ ਉਸ ਨੇ ਦੱਸਿਆ ਕਿ ਉਸ ਦਾ ਆਪਣੇ ਪੁੱਤਰ ਨੂੰ ਮਾਰਨ ਦਾ ਇਰਾਦਾ ਨਹੀਂ ਸੀ, ਜਿਸ ਕਰਕੇ ਦੋਸ਼ੀ ਨੂੰ ਕਤਲ ਦੇ ਘੱਟ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਮਿਕਾਇਲ ਦੇ ਪਿਤਾ ਨੇ ਕਿਹਾ ਕਿ ਨਿਆਂ ਪ੍ਰਣਾਲੀ ਨੂੰ ਬਦਲਣ ਦੀ ਲੋੜ ਹੈ। ਰੋਜ਼ਦੀਪ ਵਰਗੇ ਅਪਰਾਧੀਆਂ ਨੂੰ ਜਲਦੀ ਰਿਹਾਅ ਨਹੀਂ ਕੀਤਾ ਜਾਣਾ ਚਾਹੀਦਾ।