ਸਕਾਟਲੈਂਡ: ਦਸ ''ਚੋਂ ਸੱਤ ਲੋਕ ਕਰਦੇ ਹਨ ਇਕਾਂਤਵਾਸ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ

Saturday, Aug 21, 2021 - 03:12 PM (IST)

ਸਕਾਟਲੈਂਡ: ਦਸ ''ਚੋਂ ਸੱਤ ਲੋਕ ਕਰਦੇ ਹਨ ਇਕਾਂਤਵਾਸ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਜ਼ਿਆਦਾਤਰ ਲੋਕ ਇਕਾਂਤਵਾਸ ਸਬੰਧੀ ਨਿਯਮਾਂ ਦੀ ਪਾਲਣਾ ਕਰਦੇ ਹਨ। ਇਕਾਂਤਵਾਸ ਨਾਲ ਸਬੰਧਿਤ ਕੀਤੇ ਇਕ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ 10 ਵਿਚੋਂ 7 ਸਕਾਟਿਸ਼ ਲੋਕਾਂ ਨੇ ਇਕਾਂਤਵਾਸ ਹੋਣ ਦੇ ਨਿਯਮਾਂ ਦਾ ਸਫਲਤਾਪੂਰਵਕ ਪਾਲਣ ਕੀਤਾ ਹੈ। ਸਕਾਟਿਸ਼ ਸਰਕਾਰ ਵਲੋਂ ਕੀਤੇ ਸਰਵੇ ਵਿਚ ਪਾਇਆ ਗਿਆ ਕਿ ਕੋਵਿਡ -19 ਲਈ ਸਕਾਰਾਤਮਕ ਟੈਸਟ ਕਰਨ ਵਾਲੇ, ਉਨ੍ਹਾਂ ਦੇ ਨੇੜਲੇ ਸੰਪਰਕ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੇ ਇਕਾਂਤਵਾਸ ਦੀ ਪਾਲਣਾ ਕੀਤੀ ਹੈ।

4325 ਲੋਕਾਂ ਦੇ ਸਰਵੇਖਣ ਵਿਚ 94 ਫ਼ੀਸਦੀ ਲੋਕਾਂ ਨੇ ਹਰ ਸਮੇਂ ਪੂਰੀ ਤਰ੍ਹਾਂ ਇਕਾਂਤਵਾਸ ਹੋਣ ਦੀ ਰਿਪੋਰਟ ਦਿੱਤੀ। ਇਹ ਸਰਵੇ ਸਰਕਾਰ ਦੀ ਤਰਫੋਂ ਸਕਾਟਿਸ਼ ਸੈਂਟਰ ਫਾਰ ਸੋਸ਼ਲ ਰਿਸਰਚ (ਸਕਾਟਕੇਨ) ਵਲੋਂ ਕੀਤਾ ਗਿਆ, ਜਿਸ ਵਿਚ ਉਹਨਾਂ ਲੋਕਾਂ ਤੋਂ ਪੁੱਛ-ਗਿੱਛ ਕੀਤੀ ਗਈ, ਜਿਨ੍ਹਾਂ ਨੂੰ ਮਾਰਚ ਅਤੇ ਜੂਨ ਦੇ ਵਿਚਕਾਰ ਟੈਸਟ ਅਤੇ ਸੁਰੱਖਿਆ ਵਲੋਂ ਇਕਾਂਤਵਾਸ ਕਰਨ ਦੀ ਲੋੜ ਸੀ। ਸਰਵੇ ਅਨੁਸਾਰ ਤਕਰੀਬਨ ਅੱਧੇ (49 ਫ਼ੀਸਦੀ) ਲੋਕਾਂ ਨੇ ਕਿਹਾ ਕਿ  ਇਕਾਂਤਵਾਸ ਹੋਣ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪਿਆ ਹੈ, ਜਿਹਨਾਂ ਵਿਚ ਨੌਜਵਾਨ, ਅੰਤਰਰਾਸ਼ਟਰੀ ਯਾਤਰੀ ਆਦਿ ਸ਼ਾਮਲ ਹਨ। ਇਸ ਦੇ ਇਲਾਵਾ ਇਕਾਂਤਵਾਸ ਦੇ ਦੌਰਾਨ ਨਿਯਮਾਂ ਨੂੰ ਤੋੜਨ ਵਿਚ ਦੁਕਾਨਾਂ 'ਤੇ ਭੋਜਨ, ਦਵਾਈ ਲਈ ਜਾਣਾ, ਬਾਹਰ ਕਸਰਤ ਕਰਨਾ ਅਤੇ ਕੰਮ, ਸਕੂਲ ਜਾਂ ਯੂਨੀਵਰਸਿਟੀ ਜਾਣਾ ਸ਼ਾਮਲ ਹੈ। ਇਸ ਸਰਵੇ ਅਨੁਸਾਰ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਮੁੱਚੇ ਤੌਰ 'ਤੇ ਘੱਟ ਸਨ।


author

Tanu

Content Editor

Related News