ਸਕਾਟਲੈਂਡ : ਸਕਾਟਿਸ਼ ਮਾਊਂਟੇਨ ਬਚਾਅ ਟੀਮਾਂ ਨੇ ਪਿਛਲੇ ਸਾਲ ਬਚਾਈ ਸੈਂਕੜੇ ਲੋਕਾਂ ਦੀ ਜਾਨ
Saturday, May 07, 2022 - 04:59 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ’ਚ ਪਿਛਲੇ ਸਾਲ 2021 ’ਚ ਸਕਾਟਲੈਂਡ ਦੀਆਂ ਸਵੈ-ਸੇਵੀ ਮਾਊਂਟੇਨ ਬਚਾਅ ਟੀਮਾਂ ਵੱਲੋਂ ਪਹਾੜਾਂ ’ਤੇ ਗਏ ਸੈਂਕੜੇ ਲੋਕਾਂ ਦੀ ਜਾਨ ਬਚਾਈ ਗਈ ਹੈ। ਇਨ੍ਹਾਂ ਸਵੈ-ਸੇਵੀ ਟੀਮਾਂ ਵੱਲੋਂ ਸੈਂਕੜੇ ਲੋਕਾਂ ਨੂੰ ਸਕਾਟਲੈਂਡ ਦੇ ਪਹਾੜਾਂ ਤੋਂ ਬਚਾਇਆ ਗਿਆ। ਇਸ ਸੰਬੰਧੀ ਸਕਾਟਿਸ਼ ਮਾਊਂਟੇਨ ਰੈਸਕਿਊ (SMR) ਦੇ ਅੰਕੜਿਆਂ ਅਨੁਸਾਰ 2021 ਦੌਰਾਨ ਦੇਸ਼ ਭਰ ’ਚ 660 ਤੋਂ ਵੱਧ ਘਟਨਾਵਾਂ ’ਚ ਕੁਲ 19 ਮੌਤਾਂ ਦਰਜ ਕੀਤੀਆਂ ਗਈਆਂ। ਇਨ੍ਹਾਂ ਟੀਮਾਂ ਦੇ ਅਮਲੇ ਨੂੰ ਐਡਿਨਬਰਾ, ਫਾਈਫ, ਲੋਥੀਅਨਜ਼ ਅਤੇ ਟੇਸਾਈਡ ’ਚ ਸ਼ਹਿਰੀ ਕੇਂਦਰਾਂ ਦੇ ਨੇੜੇ ਐਮਰਜੈਂਸੀ ਕਾਲਜ਼ ਦੀ ਵਧ ਰਹੀ ਗਿਣਤੀ ਦਾ ਸਾਹਮਣਾ ਕਰਨਾ ਪਿਆ।
ਸੰਸਥਾ ਦੀ ਸਾਲਾਨਾ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਪਹਾੜੀ ਬਚਾਅ ਟੀਮਾਂ (ਐੱਮ. ਆਰ. ਟੀ.) ਨੇ ਪਿਛਲੇ 12 ਮਹੀਨਿਆਂ ’ਚ ਸਕਾਟਲੈਂਡ ਦੀਆਂ ਚੋਟੀਆਂ ’ਤੇ ਗਸ਼ਤ ਕਰਨ ਲਈ 30,000 ਘੰਟੇ ਦਿੱਤੇ ਅਤੇ ਟੀਮਾਂ ਨੇ ਗੰਭੀਰ ਸੱਟਾਂ, ਨੈਵੀਗੇਸ਼ਨ ਪ੍ਰਣਾਲੀਆਂ ’ਚ ਅਸਫਲਤਾਵਾਂ ਕਾਰਨ ਪੈਦਲ ਚੱਲਣ ਕਰਕੇ ਗੁੰਮ ਹੋ ਜਾਣ ਅਤੇ ਮਾੜੇ ਮੌਸਮ ਦੀਆਂ ਸਥਿਤੀਆਂ ਕਾਰਨ ਸੰਕਟ ਦਾ ਸਾਹਮਣਾ ਕਰਨ ਵਾਲਿਆਂ ਲਈ ਸਹਾਇਤਾ ਕੀਤੀ। ਪਿਛਲੇ ਸਾਲ ਦੌਰਾਨ 25 ਵਾਲੰਟੀਅਰ ਅਮਲੇ ਤੋਂ ਇਲਾਵਾ ਪੁਲਸ ਸਕਾਟਲੈਂਡ ਤੋਂ ਤਿੰਨ MRT ਸਕੁਐਡ ਅਤੇ ਇਕ RAF ਤੋਂ ਕੁਲ 951 ਵੱਖ-ਵੱਖ ਕਾਲ-ਆਊਟ ਵੀ ਰਿਕਾਰਡ ਕੀਤੇ ਗਏ ਸਨ। 19 ਮੌਤਾਂ ’ਚੋਂ 7 ਨੂੰ ਪਹਾੜੀ ਚੜ੍ਹਨ ਦੀਆਂ ਘਟਨਾਵਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ, ਜਦਕਿ ਅਮਲੇ ਨੇ 15 ਸਰੀਰ ਰਿਕਵਰੀ ਆਪਰੇਸ਼ਨਾਂ ’ਚ ਹਿੱਸਾ ਲਿਆ ਸੀ। ਇਸ ਦੇ ਨਾਲ ਹੀ ਬਚਾਅ ਕਾਰਜਾਂ ਦੌਰਾਨ ਕੁਝ ਜਾਨਵਰਾਂ ਨੂੰ ਵੀ ਬਚਾਇਆ ਗਿਆ ਸੀ।