ਸਕਾਟਲੈਂਡ ਦੇ ਸਿਹਤ ਸਕੱਤਰ ਨੇ ਕੀਤਾ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਦਾ ਉਦਘਾਟਨ
Friday, Jul 30, 2021 - 01:40 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਨੇ ਵੀਰਵਾਰ ਨੂੰ ਕਲਾਇਡਬੈਂਕ ਦੇ ਐੱਨ. ਐੱਚ. ਐੱਸ. ਗੋਲਡਨ ਜੁਬਲੀ ਹਸਪਤਾਲ ਵਿਖੇ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਉਹਨਾਂ ਨੇ ਇਸ ਸੁਵਿਧਾ ਵਿਚ ਨਵੇਂ ਬਣਾਏ ਅੱਖਾਂ ਦੇ ਕੇਂਦਰ ਦਾ ਦੌਰਾ ਕੀਤਾ ਜੋ ਕਿ ਨਵੇਂ ਰਾਸ਼ਟਰੀ ਇਲਾਜ ਕੇਂਦਰ ਦਾ ਪਹਿਲਾ ਪੜਾਅ ਅਤੇ ਹਸਪਤਾਲ ਦੇ ਯੋਜਨਾਬੱਧ ਵਿਸਥਾਰ ਦਾ ਹਿੱਸਾ ਵੀ ਹੈ।
ਸਕਾਟਲੈਂਡ ਦੇ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਨੂੰ ਰਸਮੀ ਤੌਰ 'ਤੇ ਖੋਲ੍ਹਣ ਸਮੇਂ ਹਮਜ਼ਾ ਯੂਸਫ ਨੇ ਐੱਨ. ਐੱਚ. ਐੱਸ. ਨੂੰ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਤੋਂ ਠੀਕ ਹੋਣ ਲਈ 11.5 ਮਿਲੀਅਨ ਪੌਂਡ ਦੀ ਵਾਧੂ ਸਹਾਇਤਾ ਦਾ ਵਾਅਦਾ ਵੀ ਕੀਤਾ ਹੈ। ਇਹ ਕੇਂਦਰ ਉਂਝ ਨਵੰਬਰ 2020 ਵਿਚ ਸ਼ੁਰੂ ਹੋ ਗਿਆ ਸੀ, ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਦੇ ਅਧਿਕਾਰਤ ਉਦਘਾਟਨ ਵਿਚ ਦੇਰੀ ਹੋਈ ਹੈ। ਇਸ ਨਵੇਂ ਇਲਾਜ ਕੇਂਦਰ ਵਿਚ ਹੋਰ ਇਲਾਜਾਂ ਲਈ ਦੂਜੇ ਪੜਾਅ ਤਹਿਤ ਕੰਮ ਚੱਲ ਰਿਹਾ ਹੈ, ਜਿਸ ਨੂੰ ਜੂਨ 2023 ਤੱਕ ਪੂਰਾ ਕੀਤੇ ਜਾਣ ਦੀ ਉਮੀਦ ਹੈ। ਇਸ ਮੌਕੇ ਸਿਹਤ ਸਕੱਤਰ ਨੇ ਐੱਨ. ਐੱਚ. ਐੱਸ. ਗੋਲਡਨ ਜੁਬਲੀ ਆਈ ਸੈਂਟਰ ਨੂੰ ਸਕਾਟਲੈਂਡ ਦੇ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਵਜੋਂ ਖੋਲ੍ਹਣ 'ਤੇ ਖੁਸ਼ੀ ਪ੍ਰਗਟ ਕੀਤੀ।