ਸਕਾਟਲੈਂਡ: ਮੋਟਰਵੇਅ ''ਤੇ ਹੋਏ ਹਾਦਸੇ ''ਚ ਪੰਜਾਬੀ ਨੌਜਵਾਨ ਮਨਵੀਰ ਬਿਨਿੰਗ ਦੀ ਮੌਤ

Tuesday, Sep 21, 2021 - 06:38 PM (IST)

ਸਕਾਟਲੈਂਡ: ਮੋਟਰਵੇਅ ''ਤੇ ਹੋਏ ਹਾਦਸੇ ''ਚ ਪੰਜਾਬੀ ਨੌਜਵਾਨ ਮਨਵੀਰ ਬਿਨਿੰਗ ਦੀ ਮੌਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਐਤਵਾਰ ਨੂੰ ਮੋਟਰਵੇਅ 8 (ਐੱਮ 8) 'ਤੇ ਵਾਪਰੇ ਕਾਰ ਹਾਦਸੇ ਵਿੱਚ 3 ਵਿਅਕਤੀਆਂ ਦੀ ਮੌਤ ਹੋਣ ਦੇ ਨਾਲ 5 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਸਕਾਟਲੈਂਡ ਪੁਲਸ ਨੇ ਦੱਸਿਆ ਕਿ ਇਹ ਹਾਦਸਾ ਰੇਨਫਰਿਊਸ਼ਾਇਰ ਵਿੱਚ ਜੰਕਸ਼ਨ 31 ਦੇ ਨੇੜੇ ਐਤਵਾਰ ਸਵੇਰੇ ਕਰੀਬ 5.05 ਵਜੇ ਵਾਪਰਿਆ।ਇਸ ਹਾਦਸੇ ਵਿੱਚ ਇੱਕ ਨੀਲੀ ਆਡੀ ਕਿਊ 7 ਦੁਰਘਟਨਾ ਗ੍ਰਸਤ ਹੋਈ। ਹਾਦਸੇ ਉਪਰੰਤ ਐਮਰਜੈਂਸੀ ਸੇਵਾਵਾਂ ਨੇ ਕਾਰਵਾਈ ਕਰਦਿਆਂ 27 ਸਾਲ ਦੀ ਉਮਰ ਦੇ ਦੋ ਅਤੇ 31 ਸਾਲ ਦੇ ਇੱਕ ਵਿਅਕਤੀ ਨੂੰ ਘਟਨਾ ਸਥਾਨ 'ਤੇ ਮ੍ਰਿਤਕ ਐਲਾਨਿਆ ਗਿਆ। ਇਹਨਾਂ ਮ੍ਰਿਤਕਾਂ ਦੀ ਪਛਾਣ ਮਨਵੀਰ ਸਿੰਘ ਬਿਨਿੰਗ, ਡੇਵਿਡ ਪੇਟਨ ਤੇ ਮਾਰਕ ਡਾਊਨੀ ਵਜੋਂ ਨਸ਼ਰ ਕੀਤੀ ਗਈ ਹੈ। 

PunjabKesari

ਇਸਦੇ ਇਲਾਵਾ ਪੰਜ ਹੋਰ ਆਦਮੀਆਂ ਨੂੰ ਗੰਭੀਰ ਸੱਟਾਂ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਸ ਅਨੁਸਾਰ ਇੱਕ 35 ਸਾਲਾ ਵਿਅਕਤੀ ਨੂੰ ਸੜਕੀ ਆਵਾਜਾਈ ਉਲੰਘਣਾ ਦੇ ਅਪਰਾਧਾਂ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਕਾਟਲੈਂਡ ਪੁਲਸ ਨੇ ਇਸ ਟੱਕਰ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਲੋਕਾਂ ਕੋਲੋਂ ਜ਼ਿਆਦਾ ਜਾਣਕਾਰੀ ਲਈ ਅਪੀਲ ਕੀਤੀ ਹੈ। ਸਕਾਟਲੈਂਡ ਪੁਲਸ ਦੀ ਰੋਡ ਪੁਲਿਸਿੰਗ ਯੂਨਿਟ ਦੇ ਅਧਿਕਾਰੀਆਂ ਨੇ ਇਸ ਹਾਦਸੇ ਦੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਇਸ ਸਬੰਧੀ ਕੀਤੀ ਜਾ ਰਹੀ ਪੁੱਛਗਿੱਛ ਬਾਰੇ ਦੱਸਿਆ। 

ਪੜ੍ਹੋ ਇਹ ਅਹਿਮ ਖਬਰ- ਲੰਡਨ: ਪੁਲਸ ਅਧਿਕਾਰੀਆਂ ਨੇ 13 ਸਾਲਾ ਮੁੰਡੇ ਦੀ ਤਲਾਸ਼ੀ ਲੈਂਦਿਆਂ ਕੀਤੀ ਬਦਸਲੂਕੀ

ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ ਜਾਨ ਗੁਆ ਬੈਠਿਆ ਮਨਵੀਰ ਬਿਨਿੰਗ (ਸਪੁੱਤਰ ਸਵ: ਵਰਿੰਦਰ ਸਿੰਘ ਬਿਨਿੰਗ) ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੇ ਸੈਕਟਰੀ ਸ੍ਰ: ਨਿਰੰਜਨ ਸਿੰਘ ਬਿਨਿੰਗ ਦਾ ਪੋਤਰਾ ਸੀ। ਇਸ ਦੁੱਖ ਦੀ ਘੜੀ ਵਿੱਚ ਬਿਨਿੰਗ ਪਰਿਵਾਰ ਤੇ ਦੂਜੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ, ਮੀਤ ਪ੍ਰਧਾਨ ਮੇਲਾ ਸਿੰਘ ਧਾਮੀ, ਹਰਬੰਸ ਸਿੰਘ ਖਹਿਰਾ, ਸਕੱਤਰ ਜਸਪਾਲ ਸਿੰਘ ਖਹਿਰਾ, ਬਖਸ਼ੀਸ਼ ਸਿੰਘ ਦੀਹਰੇ, ਡਾ: ਇੰਦਰਜੀਤ ਸਿੰਘ, ਗੁਰਨਾਮ ਸਿੰਘ ਧਾਮੀ, ਕਸ਼ਮੀਰ ਸਿੰਘ ਉੱਪਲ, ਇੰਦਰਜੀਤ ਸਿੰਘ ਮਾਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।


author

Vandana

Content Editor

Related News