ਸਕਾਟਲੈਂਡ : 10 ਲੱਖ ਤੋਂ ਵੱਧ ਲੋਕਾਂ ਨੇ ਪ੍ਰਾਪਤ ਕੀਤੀ ਕੋਰੋਨਾ ਦੀ ਪਹਿਲੀ ਖੁਰਾਕ
Thursday, Feb 11, 2021 - 02:10 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਜਾਰੀ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਵਿਚ ਇਕ ਮਿਲੀਅਨ ਤੋਂ ਵੱਧ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ। ਟੀਕਾਕਰਨ ਦੇ ਮਾਮਲੇ ਵਿਚ ਬੁੱਧਵਾਰ ਦੇ ਦਿਨ ਪਾਰ ਹੋਈ। ਇਸ ਗਿਣਤੀ ਦੇ ਅਨੁਸਾਰ ਸਕਟਾਲੈਂਡ ਦੀ ਟੀਕਾ ਲਗਵਾਉਣ ਲਈ ਯੋਗ ਆਬਾਦੀ ਦੇ ਪੰਜਵੇਂ ਹਿੱਸੇ (22%) ਤੋਂ ਵੱਧ ਲੋਕ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕਰ ਚੁੱਕੇ ਹਨ।
ਸਰਕਾਰ ਅਨੁਸਾਰ ਖੇਤਰ ਵਿਚ ਵੱਡੇ ਪੱਧਰ 'ਤੇ ਟੀਕਾਕਰਨ ਕੇਂਦਰਾਂ ਦੇ ਖੋਲ੍ਹਣ ਤੋਂ ਬਾਅਦ 70 ਤੋਂ 79 ਸਾਲ ਦੀ ਉਮਰ ਵਰਗ ਵਿਚ ਟੀਕਾ ਪ੍ਰਬੰਧਣ ਤੇਜ਼ੀ ਨਾਲ ਅੱਗੇ ਵਧਣ ਦੇ ਨਾਲ ਇਸ ਹਫ਼ਤੇ ਦੇ ਅੰਤ ਤੱਕ ਇਸ ਉਮਰ ਸਮੂਹ ਦੇ ਸਾਰੇ ਲੋਕਾਂ ਲਈ ਪਹਿਲੀ ਖੁਰਾਕ ਨੂੰ ਪੂਰਾ ਕਰਨ ਲਈ ਟਰੈਕ 'ਤੇ ਹੈ। ਇਸ ਦੇ ਇਲਾਵਾ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਉਨ੍ਹਾਂ ਦੀ ਟੀਕਾਕਰਨ ਮੁਲਾਕਾਤ ਲਈ ਸੱਦੇ ਮਿਲ ਰਹੇ ਹਨ।
ਕੋਰੋਨਾ ਟੀਕਾਕਰਨ ਦੀ ਇਸ ਵੱਡੀ ਗਿਣਤੀ ਨੂੰ ਪਾਰ ਕਰਨ ਦੇ ਸੰਬੰਧ ਵਿਚ ਸਿਹਤ ਸਕੱਤਰ ਜੀਨ ਫ੍ਰੀਮੈਨ ਨੇ ਸਕਾਟਲੈਂਡ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਟੀਕਾਕਰਨ ਪ੍ਰੋਗਰਾਮ ਵਿਚ ਇਸ ਗਿਣਤੀ ਦੇ ਰੂਪ ਵਿਚ ਸਫਲਤਾ ਪ੍ਰਾਪਤ ਕਰਨ ਲਈ ਇਸ ਵਿਚ ਸ਼ਾਮਲ ਸਾਰੇ ਕਰਮਚਾਰੀਆਂ ਅਤੇ ਟੀਕਾ ਲਗਵਾਉਣ ਵਾਲਿਆਂ ਦਾ ਧੰਨਵਾਦ ਕੀਤਾ।
ਫਰੀਮੈਨ ਨੇ ਦੱਸਿਆ ਕਿ 10 ਲੱਖ ਤੋਂ ਵੱਧ ਅਜਿਹੇ ਲੋਕਾਂ ਨੂੰ ਪਹਿਲੀ ਖੁਰਾਕ ਮਿਲੀ ਹੈ, ਜਿਨ੍ਹਾਂ ਨੂੰ ਕੋਵਿਡ -19 ਨਾਲ ਸਬੰਧਤ 99 ਫ਼ੀਸਦੀ ਮੌਤਾਂ ਦੇ ਹੱਲ ਲਈ ਪਹਿਲ ਦਿੱਤੀ ਗਈ ਸੀ। ਇਨ੍ਹਾਂ ਲੋਕਾਂ ਵਿਚ ਕੇਅਰ ਹੋਮ ਦੇ ਬਜ਼ੁਰਗ ਵਸਨੀਕ ਅਤੇ ਸਟਾਫ਼, ਫਰੰਟਲਾਈਨ ਹੈਲਥ ਐਂਡ ਸੋਸ਼ਲ ਕੇਅਰ ਵਰਕਰਾਂ ਦੇ ਨਾਲ ਉਹ ਲੋਕ ਵੀ ਸ਼ਾਮਲ ਹਨ ਜੋ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਕਾਰਨ ਜ਼ਿਆਦਾ ਜ਼ੋਖ਼ਮ ਵਿਚ ਸਨ। ਇਸ ਦੇ ਇਲਾਵਾ ਸਕਾਟਲੈਂਡ ਦੀ ਸਿਹਤ ਸਕੱਤਰ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਜਦੋਂ ਉਨ੍ਹਾਂ ਨੂੰ ਵੈਕਸੀਨ ਲਈ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਉਹ ਬਿਨਾਂ ਕਿਸੇ ਝਿਜਕ ਤੋਂ ਜ਼ਰੂਰ ਟੀਕਾ ਲਗਵਾਉਣ ਲਈ ਅੱਗੇ ਆਉਣ ਜਿਸ ਨਾਲ ਕਿ ਵਾਇਰਸ ਨੂੰ ਹੋਰ ਜ਼ਿਆਦਾ ਫੈਲਣ ਤੋਂ ਰੋਕਿਆ ਜਾ ਸਕੇ।