ਸਕਾਟਲੈਂਡ ਦੀ ਸੰਸਦ ਮੈਂਬਰ ਕੋਰੋਨਾ ਪੀੜਤ ਹੋਣ ਦੇ ਬਾਵਜੂਦ ਪਹੁੰਚੀ ਪਾਰਲੀਮੈਂਟ, ਮੰਗੀ ਮੁਆਫੀ
Friday, Oct 02, 2020 - 09:46 AM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਸੰਸਦ ਮੈਂਬਰ ਕੋਰੋਨਾਵਾਇਰਸ ਟੈਸਟ ਦਾ ਨਤੀਜਾ ਉਡੀਕਣ ਦੀ ਬਜਾਏ ਸਕਾਟਲੈਂਡ ਤੋਂ ਲੰਡਨ ਪਾਰਲੀਮੈਂਟ ਵਿੱਚ ਵੀ ਫੇਰਾ ਪਾ ਆਈ। ਪਰ ਜਦੋਂ ਰਿਪੋਰਟ ਆਈ ਤਾਂ ਉਹਦਾ ਨਤੀਜਾ ਪਾਜ਼ੇਟਿਵ ਨਿਕਲਿਆ। ਹੁਣ ਰੁਦਰਲਗਨ ਅਤੇ ਹੈਮਿਲਟਨ ਵੈਸਟ ਲਈ ਐੱਸ.ਐੱਨ.ਪੀ. ਦੀ ਸੰਸਦ ਮੈਂਬਰ ਮਾਰਗਰੇਟ ਫੈਰੀਅਰ ਨੇ ਅੱਜ ਇੱਕ ਬਿਆਨ ਵਿੱਚ ਆਪਣੀ ਇਸ ਕਾਰਵਾਈ ਲਈ ਮੁਆਫੀ ਮੰਗੀ ਹੈ।
ਉਸ ਨੇ ਕੋਵਿਡ-19 ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਰੇਲਗੱਡੀ ਰਾਹੀਂ ਲੰਡਨ ਤੋਂ ਸਕਾਟਲੈਂਡ ਵਾਪਸ ਜਾਣ ਲਈ ਮੁਆਫੀ ਮੰਗੀ। ਉਸ ਨੇ ਕਿਹਾ, ''ਸ਼ਨੀਵਾਰ ਦੁਪਹਿਰ ਨੂੰ, ਹਲਕੇ ਲੱਛਣਾਂ ਦਾ ਅਨੁਭਵ ਕਰਨ ਤੋਂ ਬਾਅਦ, ਮੈਂ ਕੋਵਿਡ ਟੈਸਟ ਲਈ ਬੇਨਤੀ ਕੀਤੀ। ਜੋ ਮੈਂ ਉਸ ਦਿਨ ਕਰਵਾ ਲਿਆ ਸੀ। ਬਿਹਤਰ ਮਹਿਸੂਸ ਕਰਦਿਆਂ, ਮੈਂ ਯੋਜਨਾ ਅਨੁਸਾਰ ਸੰਸਦ ਵਿਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਰੇਲ ਰਾਹੀਂ ਲੰਡਨ ਚਲੀ ਗਈ। ਇਹ ਗਲਤ ਸੀ ਅਤੇ ਮੈਨੂੰ ਆਪਣੀ ਗਲਤੀ ਲਈ ਬਹੁਤ ਅਫ਼ਸੋਸ ਹੈ। ਬੀਬੀ ਮਾਰਗਰੇਟ ਨੇ ਤਾਂ ਮੁਆਫੀ ਮੰਗ ਲਈ ਪਰ ਹੁਣ ਉਹਨਾਂ ਸਭ ਦੇ ਸਾਹ ਸੂਤੇ ਜਾਣਗੇ ਜੋ ਜੋ ਮਾਰਗਰੇਟ ਦੇ ਸੰਪਰਕ ਵਿੱਚ ਆਏ ਹੋਣਗੇ।