ਸਕਾਟਲੈਂਡ: ਤੂਫਾਨੀ ਹਵਾਵਾਂ ਕਾਰਨ ਆਵਾਜਾਈ ਪ੍ਰਭਾਵਿਤ, ਰੇਲ ਯਾਤਰਾਵਾਂ ''ਚ ਉਥਲ ਪੁਥਲ
Thursday, Feb 17, 2022 - 04:06 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਆਏ ਤੂਫ਼ਾਨ ਡਡਲੇ ਕਾਰਨ ਜਨਤਕ ਆਵਾਜਾਈ ਵਿੱਚ ਭਾਰੀ ਵਿਘਨ ਪਿਆ ਹੈ। ਤੂਫ਼ਾਨ ਦਾ ਜ਼ਿਆਦਾਤਰ ਪ੍ਰਭਾਵ ਰੇਲ ਸੇਵਾਵਾਂ ‘ਤੇ ਪਿਆ ਹੈ। ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਵੀਰਵਾਰ ਸਵੇਰੇ 10 ਵਜੇ ਤੱਕ ਸਕਾਟਰੇਲ ਦੁਆਰਾ ਜ਼ਿਆਦਾਤਰ ਸੇਵਾਵਾਂ ਰੱਦ ਕੀਤੀਆਂ ਗਈਆਂ ਹਨ। ਇਸ ਰੇਲ ਆਪਰੇਟਰ ਨੇ ਬੁੱਧਵਾਰ ਨੂੰ ਸਾਰੀਆਂ ਸੇਵਾਵਾਂ ਨੂੰ ਜਲਦੀ ਖ਼ਤਮ ਕਰ ਦਿੱਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ -ਬ੍ਰਿਟੇਨ 'ਚ ਦੂਜੇ ਤੂਫ਼ਾਨ 'ਯੂਨਿਸ' ਦੀ ਚਿਤਾਵਨੀ ਜਾਰੀ, ਭਿਆਨਕ ਤਬਾਹੀ ਦਾ ਖਦਸ਼ਾ
ਸਕਾਟਲੈਂਡ ਦੇ ਦੱਖਣੀ ਲੈਨਾਰਕਸ਼ਾਇਰ ਵਿੱਚ ਡ੍ਰਮਾਲਬਿਨ ਯੂਕੇ ਦੇ ਉਹਨਾਂ ਖੇਤਰਾਂ ਵਿੱਚੋਂ ਇੱਕ ਸੀ ਜਿੱਥੇ ਸਭ ਤੋਂ ਵੱਧ ਹਵਾ ਦੇ ਝੱਖੜ ਦਰਜ ਕੀਤੇ ਗਏ ਜਿਸਦੀ ਗਤੀ 74 ਮੀਲ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ। ਮੌਸਮ ਦਫਤਰ ਦੁਆਰਾ ਸਕਾਟਲੈਂਡ ਦੇ ਉੱਤਰ ਵਿੱਚ ਵੀਰਵਾਰ ਸਵੇਰ ਤੱਕ ਬਰਫ਼ ਲਈ ਚੇਤਾਵਨੀ ਵੀ ਲਾਗੂ ਕੀਤੀ ਗਈ ਹੈ। ਸਕਾਟਲੈਂਡ ਦੀਆਂ ਸੜਕਾਂ 'ਤੇ ਡਰਾਈਵਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਬਰਫੀਲੇ ਹਾਲਾਤ ਕਾਰਨ ਸਾਵਧਾਨ ਰਹਿਣ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਕੇਂਦਰੀ ਪੱਟੀ ਅਤੇ ਦੱਖਣੀ ਸਕਾਟਲੈਂਡ ਵਿੱਚ ਹਵਾ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।