ਸਕਾਟਲੈਂਡ: ਏਸ਼ੀਅਨ ਮੂਲ ਦੇ ਘਰਾਂ ''ਚ ਹੋ ਰਹੀਆਂ ਹਨ ਚੋਰੀਆਂ

Saturday, Sep 04, 2021 - 04:00 PM (IST)

ਸਕਾਟਲੈਂਡ: ਏਸ਼ੀਅਨ ਮੂਲ ਦੇ ਘਰਾਂ ''ਚ ਹੋ ਰਹੀਆਂ ਹਨ ਚੋਰੀਆਂ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)– ਸਕਾਟਲੈਂਡ ’ਚ ਚੋਰਾਂ ਵੱਲੋਂ ਏਸ਼ੀਅਨ ਮੂਲ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਜਾ ਰਿਹਾ ਹੈ। ਸਕਾਟਲੈਂਡ ਪੁਲਸ ਅਨੁਸਾਰ ਸਕਾਟਲੈਂਡ ਦੇ ਪੱਛਮ ’ਚ ਕਈ ਏਸ਼ੀਅਨ ਘਰਾਂ ’ਚੋਂ 200,000 ਪੌਂਡ ਦੇ ਕਰੀਬ ਮੁੱਲ ਦੇ ਸੋਨੇ ਦੇ ਗਹਿਣੇ ਅਤੇ ਘੜੀਆਂ ਚੋਰੀ ਹੋ ਗਈਆਂ ਹਨ। ਇਸ ਸਬੰਧੀ ਪੁਲਸ 'ਓਪਰੇਸ਼ਨ ਸੂਟਕੇਸ' ਦੇ ਹਿੱਸੇ ਵਜੋਂ ਚੋਰੀ ਦੀ ਜਾਂਚ ਕਰ ਰਹੀ ਹੈ, ਜੋ ਕਿ ਏਸ਼ੀਆਈ ਘਰਾਂ ਦੀ ਵੱਡੀ ਗਿਣਤੀ ਵਿਚ ਤੋੜ ਭੰਨ ਅਤੇ ਕੀਮਤੀ ਸੋਨੇ ਦੇ ਗਹਿਣੇ ਅਤੇ ਹੋਰ ਮਹਿੰਗੀਆਂ ਵਸਤੂਆਂ ਦੇ ਚੋਰੀ ਹੋਣ ਦੀ ਜਵਾਬੀ ਕਾਰਵਾਈ ’ਚ ਸ਼ੁਰੂ ਕੀਤੀ ਗਈ ਹੈ। 

ਪੁਲਸ ਰਿਕਾਰਡ ਦੇ ਅਨੁਸਾਰ ਸਕਾਟਲੈਂਡ ਦੇ ਬੀਥ, ਬਾਥਗੇਟ, ਸਟ੍ਰੈਨਰਰ, ਕੈਮਬਸਲਾਂਗ, ਪੇਜ਼ਲੀ, ਸਟੈਪਸ, ਈਸਟ ਕਿਲਬ੍ਰਾਈਡ ਅਤੇ ਗਲਾਸਗੋ ਆਦਿ ਖੇਤਰਾਂ ’ਚ 21 ਅਤੇ 31 ਅਗਸਤ ਦੇ ਵਿਚਕਾਰ 14 ਚੋਰੀਆਂ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ। ਜਾਂਚ ਵਜੋਂ ਪੁਲਸ ਵੱਲੋਂ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਲਈ ਪੁੱਛਗਿਛ ਜਾਰੀ ਹੈ। ਸਕਾਟਲੈਂਡ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਉਨ੍ਹਾਂ ਦੀ ਪ੍ਰਮੁੱਖ ਤਰਜ਼ੀਹ ਹੈ। ਇਸ ਤੋਂ ਇਲਾਵਾ ਪੁਲਸ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਲੋਕਾਂ ਨੂੰ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਨ੍ਹਾਂ ’ਚ ਮਹੱਤਵਪੂਰਣ ਕੀਮਤੀ ਵਸਤੂਆਂ ਨੂੰ ਸਾਂਭ ਕੇ ਰੱਖਣ, ਸੁਰੱਖਿਆ ਅਲਾਰਮ ਅਤੇ ਮੋਸ਼ਨ-ਐਕਟੀਵੇਟਿਡ ਲਾਈਟਿੰਗ ਵਰਗੇ ਮਜ਼ਬੂਤ ​​ਸੁਰੱਖਿਆ ਉਪਕਰਣ ਸ਼ਾਮਲ ਹਨ।


author

Rakesh

Content Editor

Related News