ਸਕਾਟਲੈਂਡ : ਬਿਜਲੀ ਲਾਈਨਾਂ ਦੀ ਨਿਗਰਾਨੀ ਕਰਨਗੇ ਡਰੋਨ

Saturday, Apr 10, 2021 - 12:44 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਹੁਣ ਬਿਜਲੀ ਲਾਈਨਾਂ ਅਤੇ ਟਰਾਂਸਮਿਸ਼ਨ ਦੀ ਨਿਗਰਾਨੀ ਉੱਪਰ ਹੁੰਦੇ ਖਰਚਿਆਂ ਨੂੰ ਘੱਟ ਕਰਨ ਲਈ ਡਰੋਨਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਮਕਸਦ ਨੂੰ ਪੂਰਾ ਕਰਨ ਲਈ ਸਕਾਟਿਸ਼ ਡਰੋਨ ਕੰਪਨੀ ਨੂੰ ਇਲੈਕਟ੍ਰਾਨਿਕ ਨੈੱਟਵਰਕ ਦੀ ਨਿਗਰਾਨੀ ਦੀ ਲਾਗਤ ਘਟਾਉਣ ’ਚ ਮਦਦ ਕਰਨ ਲਈ ਸ਼ਾਮਿਲ ਕੀਤਾ ਗਿਆ ਹੈ। ਐਡਿਨਬਰਾ ਆਧਾਰਿਤ ਸਾਈਬਰਹਾਕ ਨੇ ਸਕਾਟਿਸ਼ ਪਾਵਰ ਦੇ 2400 ਟਾਵਰਾਂ ਅਤੇ ਬਿਜਲੀ ਸੰਚਾਰਨ ਢਾਂਚਿਆਂ ’ਚ ਡਰੋਨ ਆਧਾਰਿਤ ਨਿਰੀਖਣ ਸੇਵਾਵਾਂ ਪ੍ਰਦਾਨ ਕਰਨ ਦਾ ਠੇਕਾ ਲਿਆ ਹੈ।

ਬਿਜਲੀ ਕੰਪਨੀ ਐੱਸ. ਪੀ. ਐਨਰਜੀ ਨੈੱਟਵਰਕ ਆਰਮ ਨਾਲ ਇਹ ਸਮਝੌਤਾ ਸੈਂਟਰਲ ਸਕਾਟਲੈਂਡ, ਨੌਰਥ ਵੇਲਜ਼ ਅਤੇ ਉੱਤਰੀ ਇੰਗਲੈਂਡ ’ਚ ਬੁਨਿਆਦੀ ਢਾਂਚੇ ਨੂੰ ਕਵਰ ਕਰਦਾ ਹੈ, ਜੋ ਲੱਖਾਂ ਲੋਕਾਂ ਨੂੰ ਬਿਜਲੀ ਦੀ ਸਪਲਾਈ ਕਰਦਾ ਹੈ। ਸਾਈਬਰਹਾਕ ਅਨੁਸਾਰ ਡਰੋਨ ਆਧਾਰਿਤ ਨਿਰੀਖਣ ਸੇਵਾਵਾਂ ਦੀ ਵਰਤੋਂ ਸਕਾਟਿਸ਼ ਪਾਵਰ ਨੂੰ ਬਿਜਲੀ ਨੈੱਟਵਰਕ ਦੇ ਪ੍ਰਬੰਧਨ ’ਚ ਚੁਣੌਤੀਆਂ ਨਾਲ ਨਜਿੱਠਣ ’ਚ ਸਹਾਇਤਾ ਕਰੇਗੀ। ਇਸ ਤੋਂ ਇਲਾਵਾ ਇਸ ਨਾਲ ਬਿਜਲੀ ਜਾਂਚਾਂ ਲਈ ਹੈਲੀਕਾਪਟਰਾਂ ਦੀ ਵਰਤੋਂ ਵੀ ਘਟੇਗੀ। ਇਹ ਇਕਰਾਰਨਾਮਾ ਸਾਈਬਰਹਾਕ ਦੀਆਂ ਡਰੋਨ ਸੇਵਾਵਾਂ ਦੀ ਵਰਤੋਂ ਦੀ ਸਫਲ ਅਜ਼ਮਾਇਸ਼ ਤੋਂ ਬਾਅਦ ਆਇਆ ਹੈ, ਜੋ ਐੱਸ. ਪੀ. ਐਨਰਜੀ ਨੈੱਟਵਰਕ ਨੇ ਪਿਛਲੇ ਸਾਲ ਚਲਾਈ ਸੀ।

ਸਾਈਬਰਹਾਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸ ਫਲੇਮਿੰਗ ਨੇ ਕਿਹਾ ਕਿ ਡਰੋਨਾਂ ਨੇ ਐੱਸ. ਪੀ. ਐਨਰਜੀ ਨੈੱਟਵਰਕ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਗੰਭੀਰ ਨਿਰੀਖਣ ਸੇਵਾਵਾਂ ਨੂੰ ਕਾਇਮ ਰੱਖਣ ’ਚ ਸਹਾਇਤਾ ਕੀਤੀ ਹੈ। ਸਾਲ 2008 ’ਚ ਸਥਾਪਿਤ ਸਾਈਬਰਹਾਕ ਨੇ ਤੇਲ ਅਤੇ ਗੈਸ ਫਰਮਾਂ, ਜਿਵੇਂ ਕਿ ਸ਼ੈੱਲ ਅਤੇ ਐਕਸ਼ਨ ਮੋਬਾਈਲ ਲਈ ਨਿਰੀਖਣ ਸੇਵਾਵਾਂ ਪ੍ਰਦਾਨ ਕਰਨ ਵਜੋਂ ਆਪਣਾ ਨਾਂ ਬਣਾਇਆ ਹੈ। ਇਸ ਦੇ ਗਾਹਕਾਂ ’ਚ ਸਕਾਟਿਸ਼ ਹਾਈਡ੍ਰੋਇਲੈਕਟ੍ਰਿਕ ਮਾਲਕ ਐੱਸ. ਐੱਸ. ਈ. ਵੀ ਸ਼ਾਮਿਲ ਹੈ। ਇਸ ’ਚ 126 ਕਰਮਚਾਰੀ ਹਨ, ਜਿਨ੍ਹਾਂ ’ਚੋਂ ਲੱਗਭਗ 80 ਐਡਿਨਬਰਾ ’ਚ ਰਹਿੰਦੇ ਹਨ।


Anuradha

Content Editor

Related News