ਸਕਾਟਲੈਂਡ: ਕੋਰੋਨਾ ਵੈਕਸੀਨ ਬੱਸ ਨੇ ਲਗਾਈਆਂ ਵੈਕਸੀਨ ਦੀਆਂ 10,000 ਖੁਰਾਕਾਂ
Thursday, Jul 29, 2021 - 02:31 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਵੈਕਸੀਨ ਨੂੰ ਜਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਸਕਾਟਿਸ਼ ਐਂਬੂਲੈਂਸ ਸਰਵਿਸ ਦੀ ਕੋਰੋਨਾ ਵਾਇਰਸ ਟੀਕਾਕਰਨ ਬੱਸ ਨੇ ਪੂਰੇ ਦੇਸ਼ ਵਿੱਚ ਤਕਰੀਬਨ 10,000 ਵੈਕਸੀਨ ਲਗਾਈਆਂ ਹਨ। ਇਸ ਵੈਕਸੀਨ ਬੱਸ ਦੁਆਰਾ ਟੀਕਾਕਰਨ ਮੁਹਿੰਮ ਦੀ ਸਫਲਤਾ ਨੂੰ ਸਾਂਝਾ ਕਰਨ ਲਈ ਬੱਸ ਨੇ ਬੁੱਧਵਾਰ ਨੂੰ ਹੈਂਪਡਨ ਪਾਰਕ ਵਿਖੇ ਪੜਾਅ ਲਗਾਇਆ।
ਇਸ ਦੌਰਾਨ ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਸਕਾਟਲੈਂਡ ਦੇ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਹਿੱਸੇ ਵਜੋਂ ਇਸ ਬੱਸ ਰਾਹੀਂ ਕੀਤੇ ਜਾ ਰਹੇ ਮਹੱਤਵਪੂਰਣ ਕੰਮ ਨੂੰ ਵੇਖਣ ਲਈ ਹਾਜ਼ਰ ਸਨ। ਯੂਸਫ ਨੇ ਇਸ ਵੈਕਸੀਨ ਬੱਸ ਦੇ ਸਟਾਫ ਨਾਲ ਮੁਲਾਕਾਤ ਕੀਤੀ। ਇਸ ਮੌਕੇ ਯੂਸਫ ਨੇ ਬੋਲਦਿਆਂ ਕਿਹਾ ਕਿ ਟੀਕਾਕਰਨ ਪ੍ਰੋਗਰਾਮ ਦੀ ਸਫਲਤਾ ਵਿੱਚ ਵੈਕਸੀਨ ਬੱਸ ਦਾ ਬਹੁਤ ਯੋਗਦਾਨ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਮੋਬਾਈਲ ਯੂਨਿਟ ਦਾ ਲਾਭ ਲਿਆ ਹੈ। ਉਹਨਾਂ ਇਸ ਟੀਕਾਕਰਨ ਬੱਸ ਦੇ ਸਟਾਫ ਦੁਆਰਾ ਕੋਰੋਨਾ ਵੈਕਸੀਨ ਦੀਆਂ 10,000 ਖੁਰਾਕਾਂ ਲਗਾਏ ਜਾਣ 'ਤੇ ਸਟਾਫ ਦੀ ਸਖ਼ਤ ਮਿਹਨਤ ਲਈ ਧੰਨਵਾਦ ਕੀਤਾ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਕੋਵਿਡ ਐਪ ਇਕਾਂਤਵਾਸ ਅਲਰਟਾਂ ਕਾਰਨ ਘੱਟ ਹੋਇਆ ਕਾਰਾਂ ਦਾ ਉਤਪਾਦਨ
ਪਿਛਲੇ ਛੇ ਮਹੀਨਿਆਂ ਤੋਂ, ਸਕਾਟਲੈਂਡ ਐਂਬੂਲੈਂਸ ਸੇਵਾ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੀ ਸਹਾਇਤਾ ਕਰਨ ਲਈ ਸਕਾਟਲੈਂਡ ਦੀ ਸਰਕਾਰ, ਸਿਹਤ ਬੋਰਡਾਂ ਅਤੇ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ। ਐਂਬੂਲੈਂਸ ਸੇਵਾ ਦੀ ਇਹ ਵੈਕਸੀਨ ਬੱਸ ਸਥਾਨਕ ਕਮਿਊਨਿਟੀ ਸੈਟਿੰਗਾਂ, ਜਿਵੇਂ ਕਿ ਫੁੱਟਬਾਲ ਦੇ ਮੈਦਾਨਾਂ ਅਤੇ ਖਰੀਦਦਾਰੀ ਕੇਂਦਰ ਦੀਆਂ ਕਾਰ ਪਾਰਕਾਂ ਆਦਿ ਵਿੱਚ ਜਾ ਕੇ ਟੀਕੇ ਦੀ ਪੇਸ਼ਕਸ਼ ਕਰਦੀ ਹੈ।