ਸਕਾਟਲੈਂਡ: ਕੋਪ 26 ਦੌਰਾਨ ਕੋਰੋਨਾ ਕੇਸਾਂ ਦੇ ਵਧਣ ਦੀ ਚਿਤਾਵਨੀ

Saturday, Oct 23, 2021 - 08:54 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਕੋਰੋਨਾ ਵਾਇਰਸ ਦੇ ਇਸ ਦੌਰ ਦੌਰਾਨ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਕੋਪ 26 ਜਲਵਾਯੂ ਸੰਮੇਲਨ ਇਸ ਮਹੀਨੇ ਦੇ ਅਖੀਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਜਲਵਾਯੂ ਸੰਮੇਲਨ ਵਿੱਚ ਵਿਸ਼ਵ ਭਰ ਤੋਂ ਹਜ਼ਾਰਾਂ ਡੇਲੀਗੇਟ ਹਿੱਸਾ ਲੈਣ ਲਈ ਆ ਰਹੇ ਹਨ। ਜਿਸ ਕਾਰਨ ਕੋਰੋਨਾ ਸਿਹਤ ਮਾਹਿਰ ਕੋਪ 26 ਕਾਰਨ ਕੋਰੋਨਾ ਕੇਸਾਂ ਵਿੱਚ ਭਾਰੀ ਵਾਧਾ ਹੋਣ ਦੀ ਚਿੰਤਾ ਪ੍ਰਗਟ ਕਰ ਰਹੇ ਹਨ। ਇਸਦੇ ਇਲਾਵਾ ਇਹ ਵੀ ਸੰਭਾਵਨਾ ਹੈ ਕਿ ਗਲਾਸਗੋ ਵਿੱਚ ਜਲਵਾਯੂ ਕਾਨਫਰੰਸ ਦੇ ਬਾਅਦ ਕੋਵਿਡ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਇਸ ਸਬੰਧੀ ਨਿਕੋਲਾ ਸਟਰਜਨ ਦੀ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਦੇਵੀ ਸ਼੍ਰੀਧਰ ਨੇ ਚੇਤਾਵਨੀ ਦਿੱਤੀ ਹੈ ਕਿ ਸੰਯੁਕਤ ਰਾਸ਼ਟਰ ਦਾ 13 ਦਿਨਾਂ ਦਾ ਸਿਖਰ ਸੰਮੇਲਨ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦਾ ਕਾਰਨ ਬਣੇਗਾ ਅਤੇ ਸਿਹਤ ਸੇਵਾ 'ਤੇ ਹੋਰ ਦਬਾਅ ਪਾਵੇਗਾ, ਜਿਸ ਨਾਲ ਹੋਰ ਪਾਬੰਦੀਆਂ ਦੀ ਜ਼ਰੂਰਤ ਪੈਦਾ ਹੋਵੇਗੀ। ਮਾਹਿਰਾਂ ਅਨੁਸਾਰ ਇਸ ਵਿਸ਼ਾਲ ਇਕੱਠ ਵਾਲੇ ਸੰਮੇਲਨ ਵਿੱਚ ਲੋਕਾਂ ਦੀ ਵੱਡੀ ਗਿਣਤੀ ਵਿੱਚ ਆਵਾਜਾਈ ਨਾਲ ਕੇਸਾਂ ਵਿੱਚ ਭਾਰੀ ਵਾਧਾ ਹੋ ਸਕਦਾ ਹੈ, ਜਿਸ ਨਾਲ ਸਿਹਤ ਸਹੂਲਤਾਂ ਉੱਪਰ ਵੀ ਬੋਝ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਸੁਰੱਖਿਆ ਲਈ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਪਰ ਫਿਰ ਵੀ ਸਿਹਤ ਮਾਹਿਰਾਂ ਵੱਲੋਂ ਕੇਸਾਂ ਵਿੱਚ ਵਾਧੇ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News