ਗਲਾਸਗੋ: ਬੁਕੈਨਨ ਸਟ੍ਰੀਟ ਦਾ ਨਾਂ ਵਿਸ਼ਵ ਦੀਆਂ 10 ਬਿਹਤਰੀਨ ਗਲੀਆਂ ''ਚ ਸ਼ਾਮਲ

Thursday, Jan 07, 2021 - 02:22 PM (IST)

ਗਲਾਸਗੋ: ਬੁਕੈਨਨ ਸਟ੍ਰੀਟ ਦਾ ਨਾਂ ਵਿਸ਼ਵ ਦੀਆਂ 10 ਬਿਹਤਰੀਨ ਗਲੀਆਂ ''ਚ ਸ਼ਾਮਲ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਆਪਣੀ ਧਰਾਤਲੀ ਅਤੇ ਸ਼ਹਿਰੀ ਸੁੰਦਰਤਾ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ।ਇੱਥੇ ਬਹੁਤ ਸਾਰੇ ਅਜਿਹੇ ਸਥਾਨ ਮੌਜੂਦ ਹਨ ਜੋ ਦੁਨੀਆ ਭਰ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਦੇ ਹਨ। ਸਕਾਟਿਸ਼ ਸਹਿਰ ਗਲਾਸਗੋ ਵਿੱਚ ਵੀ ਅਜਿਹਾ ਹੀ ਇੱਕ ਸਥਾਨ ਹੈ ਜੋ ਨਿਸ਼ਚਿਤ ਤੌਰ 'ਤੇ ਲੋਕਾਂ ਦੀ ਪਸੰਦ ਹੈ।ਇਹ ਸਥਾਨ ਗਲਾਸਗੋ ਦੀ ਬੁਕੈਨਨ ਸਟ੍ਰੀਟ ਹੈ ਜੋ ਕਿ ਸਿਰਫ ਪੈਦਲ ਯਾਤਰੀਆਂ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖਦੀ ਹੈ। 

ਆਪਣੀ ਖਿੱਚ ਅਤੇ ਹੋਰ ਸਹੂਲਤਾਂ ਕਾਰਨ ਦੁਨੀਆ ਭਰ ਵਿੱਚ ਪਾਈਆਂ ਜਾਣ ਵਾਲੀਆਂ 10 ਚੋਟੀ ਦੀਆਂ ਪੈਦਲ ਯਾਤਰੀਆਂ ਵਾਲੀਆਂ ਗਲੀਆਂ ਵਿੱਚ ਬੁਕੈਨਨ ਸਟ੍ਰੀਟ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਗਲਾਸਗੋ ਦੇ ਇਸ ਪ੍ਰਮੁੱਖ ਆਕਰਸ਼ਿਤ ਸਥਾਨ ਨੂੰ ਇਸ ਲਿਸਟ ਵਿੱਚ ਸ਼ਾਮਲ ਕਰਨ ਦਾ ਮਾਣ ਪ੍ਰਮੁੱਖ ਟਰੈਵਲ ਮੀਡੀਆ ਬ੍ਰਾਂਡ "ਅਫਾਰ" ਦੁਆਰਾ ਦਿੱਤਾ ਗਿਆ ਹੈ, ਜਿਸ ਦੇ ਨਾਲ ਇਹ ਲੰਡਨ ਵਿੱਚ ਕਾਰਨਾਬੀ ਸਟ੍ਰੀਟ ਅਤੇ ਪੈਰਿਸ ਵਿਚ ਰਯੂ ਮੂਫੇਟਾਰਡ ਵਰਗੀਆਂ ਗਲੀਆਂ ਨਾਲ ਸੂਚੀ ਵਿੱਚ ਸ਼ਾਮਲ ਹੋ ਗਈ ਹੈ। ਅਫਾਰ ਦੇ ਮੁਤਾਬਕ ਬੁਕੈਨਨ ਸਟ੍ਰੀਟ ਵਿੱਚ 1978 ਨੂੰ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਲਗਾਈ ਗਈ ਸੀ, ਜਿਸਦੇ ਬਾਅਦ ਇਹ ਗਲਾਸਗੋ ਦਾ ਖਰੀਦਦਾਰੀ ਕੇਂਦਰ ਬਣ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਪੀ.ਐੱਮ. ਮੋਦੀ ਸਮੇਤ ਕਈ ਦੇਸ਼ਾਂ ਦੇ ਨੇਤਾਵਾਂ ਨੇ ਅਮਰੀਕਾ 'ਚ ਜਾਰੀ ਹਿੰਸਾ ਦੀ ਕੀਤੀ ਨਿੰਦਾ

ਇਸ ਗਲੀ ਦੀ ਵਿਸ਼ੇਸ਼ਤਾ ਇਸ ਦੇ ਖਰੀਦਦਾਰੀ ਸਟੋਰਾਂ ਅਤੇ ਅਲੱਗ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਦੇ ਨਾਲ ਵਿਕਟੋਰੀਅਨ ਅਤੇ ਐਡਵਰਡਿਅਨ ਸਮੇਂ ਦੇ ਇਮਾਰਤੀ ਢਾਂਚੇ ਦੀ ਸੰਭਾਲ ਕਾਰਨ ਹੈ। ਇਸ ਦੇ ਇਲਾਵਾ ਇਹ ਬੁਕੈਨਨ ਗੈਲਰੀਜ ਸ਼ਾਪਿੰਗ ਮਾਲ ਅਤੇ ਗਲਾਸਗੋ ਰਾਇਲ ਕੰਸਰਟ ਹਾਲ ਦਾ ਵੀ ਘਰ ਹੈ। ਇਹ ਸਟ੍ਰੀਟ ਸਿਰਫ ਪੈਦਲ ਯਾਤਰੀਆਂ ਲਈ ਹੈ ਅਤੇ ਗਲਾਸਗੋ ਸਬਵੇਅ ਦੇ ਬੁਕੈਨਨ ਸਟ੍ਰੀਟ ਸਟਾਪ ਦੁਆਰਾ ਅਸਾਨੀ ਨਾਲ ਪਹੁੰਚਯੋਗ ਹੈ। ਅਫਾਰ ਦੁਆਰਾ ਜਾਰੀ ਕੀਤੀ ਸੂਚੀ ਵਿੱਚ ਸੰਸਾਰ ਦੀਆਂ ਹੋਰ ਸੱਤ ਗਲੀਆਂ ਜਿਹਨਾਂ ਨੇ ਸਿਖਰ ਦੇ 10 ਸਥਾਨਾਂ 'ਚ ਸਮੂਲੀਅਤ ਕੀਤੀ ਹੈ, ਉਹਨਾਂ ਵਿੱਚ ਕੋਪੇਨਹੇਗਨ ਦੀ ਸਟ੍ਰੋਗੇਟ, ਬੀਜਿੰਗ ਵਿੱਚ ਕਿਯੇਨਮੇਨ ਸਟ੍ਰੀਟ, ਕੁਰਿਟੀਬਾ (ਬ੍ਰਾਜ਼ੀਲ) ਵਿੱਚ ਰੁਆ ਦਸ ਫਲੋਰੇਸ, ਮਿਆਮੀ ਬੀਚ ਦਾ ਲਿੰਕਨ ਰੋਡ, ਕਿਊਬਕ ਸਿਟੀ ਵਿੱਚ ਰਯੁ ਡੂ ਪੈਟਿਟ-ਚੈਂਪਲੇਨ, ਟੋਕੀਓ ਵਿੱਚ ਕੈਟ ਸਟ੍ਰੀਟ ਅਤੇ ਲਾਸ ਏਂਜਲਸ ਵਿੱਚ ਥਰਡ ਸਟ੍ਰੀਟ ਪ੍ਰੌਮਨੇਡ ਆਦਿ ਦੇ ਨਾਮ ਸ਼ਾਮਲ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News