ਸਕਾਟਲੈਂਡ ਦੇ ਗੁਰੂਘਰਾਂ ''ਚ ਸਰਕਾਰੀ ਹਦਾਇਤਾਂ ਅਧੀਨ ਮਨਾਇਆ ਗਿਆ ਬੰਦੀ ਛੋੜ ਦਿਵਸ
Sunday, Nov 15, 2020 - 05:57 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਈ ਵੇਲਾ ਸੀ ਜਦੋਂ ਕੋਈ ਵੀ ਤਿਉਹਾਰ ਹੋਣਾ ਤਾਂ ਧਾਰਮਿਕ ਸਥਾਨਾਂ 'ਤੇ ਪੈਰ ਰੱਖਣ ਲਈ ਜਗ੍ਹਾ ਨਹੀਂ ਮਿਲਦੀ ਸੀ। ਪਰ ਕੋਰੋਨਾ ਕਾਰਨ ਖੁਸ਼ੀਆਂ ਸ਼ਰਾਪੀਆਂ ਗਈਆਂ ਪ੍ਰਤੀਤ ਹੁੰਦੀਆਂ ਹਨ। ਸਕਾਟਲੈਂਡ ਦੇ ਸ਼ਹਿਰ ਗਲਾਸਗੋ, ਐਡਿਨਬਰਾ, ਡੰਡੀ, ਇਰਵਿਨ ਸਥਿਤ ਗੁਰਦੁਆਰਾ ਸਾਹਿਬਾਨਾਂ ਵਿਖੇ ਬੰਦੀ ਛੋੜ ਦਿਵਸ ਮਨਾਇਆ ਤਾਂ ਗਿਆ ਪਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਦਾਇਰੇ ਅੰਦਰ ਰਹਿੰਦਿਆਂ।
ਵੱਖ ਵੱਖ ਗੁਰਦੁਆਰਾ ਕਮੇਟੀਆਂ ਵੱਲੋਂ ਸੰਗਤਾਂ ਨੂੰ ਸਿਰਫ ਤੇ ਸਿਰਫ ਮੱਥਾ ਟੇਕਣ ਆਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੰਗਤਾਂ ਸਮਾਜਿਕ ਦੂਰੀ ਨਿਯਮਾਂ ਤਹਿਤ ਵਾਰੀ ਸਿਰ ਨਤਮਸਤਕ ਹੋਣ ਉਪਰੰਤ ਘਰਾਂ ਨੂੰ ਚਾਲੇ ਪਾਉਂਦੀਆਂ ਰਹੀਆਂ। ਸੀਮਤ ਸਮੇਂ ਲਈ ਆਯੋਜਿਤ ਸਮਾਗਮਾਂ ਦੌਰਾਨ ਗੁਰਦੁਆਰਾ ਸਾਹਿਬਾਨਾਂ ਅੰਦਰ ਰਾਗੀ ਸਿੰਘਾਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਜਿਆਦਾਤਰ ਗੁਰੂਘਰਾਂ ਵੱਲੋਂ ਸੋਸ਼ਲ ਮੀਡੀਆ ਸਾਧਨਾਂ ਰਾਹੀਂ ਸਮਾਗਮ ਦਾ ਪ੍ਰਸਾਰਣ ਨਿਰੰਤਰ ਕੀਤਾ ਗਿਆ ਤਾਂ ਕਿ ਘਰਾਂ ਵਿੱਚ ਬੈਠੇ ਭਾਈਚਾਰੇ ਦੇ ਲੋਕ ਹਾਜ਼ਰੀ ਭਰ ਸਕਣ।