ਸਕਾਟਲੈਂਡ : 20 ਕੈਦੀ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਲੈਣ ਤੋਂ ਬਾਅਦ ਹਸਪਤਾਲ ਦਾਖਲ
Sunday, Nov 28, 2021 - 03:26 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਇੱਕ ਜੇਲ੍ਹ ਵਿੱਚ ਤਸਕਰੀ ਵਾਲੀਆਂ ਨਸ਼ੀਲੀਆਂ ਦਵਾਈਆਂ ਦੀ ਓਵਰਡੋਜ਼ ਲੈਣ ਤੋਂ ਬਾਅਦ ਤਕਰੀਬਨ 20 ਕੈਦੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਸ ਸਬੰਧੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਐੱਚ ਐੱਮ ਪੀ ਐਡੀਵੇਲ, ਵੈਸਟ ਲੋਥੀਅਨ ਵਿੱਚ ਇੱਕ ਹਾਲ ਦੇ ਲਗਭਗ 20 ਕੈਦੀ ਸਲਾਖਾਂ ਦੇ ਪਿੱਛੇ ਗੈਰਕਾਨੂੰਨੀ ਪਦਾਰਥਾਂ ਦਾ ਸੇਵਨ ਕਰਨ ਤੋਂ ਬਾਅਦ ਬਿਮਾਰ ਹੋ ਗਏ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ ਨੂੰ ਜੀਵਨ ਰੱਖਿਅਕ ਦਵਾਈਆਂ ਦੇਣ ਲਈ ਰਾਜ਼ੀ ਹੋਇਆ ਪਾਕਿਸਤਾਨ
ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਹਨਾਂ ਨੇ ਕਿਹੜੀ ਨਸ਼ੀਲੀ ਦਵਾਈ ਦਾ ਸੇਵਨ ਕੀਤਾ ਸੀ। ਇਸ ਘਟਨਾ ਦੇ ਬਾਅਦ ਜੇਲ੍ਹ ਅਧਿਕਾਰੀ ਐਸੋਸੀਏਸ਼ਨ (ਪੀ ਓ ਏ) ਨੇ ਅਜਿਹੇ ਪਦਾਰਥਾਂ ਦੀ ਵਰਤੋਂ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਜਿਕਰਯੋਗ ਹੈ ਕਿ ਜੇਲ੍ਹਾਂ ਵਿੱਚ 'ਜ਼ੋਂਬੀ ਸਪਾਈਸ' ਨਾਮ ਦੇ ਪਦਾਰਥਾਂ ਦੀ ਵਰਤੋਂ ਵਧ ਰਹੀ ਹੈ। ਇਸ ਤੋਂ ਪਹਿਲਾਂ ਵੀ ਸਕਾਟਲੈਂਡ ਦੀ ਵਧੇਰੇ ਸੁਰੱਖਿਅਤ ਜੇਲ੍ਹ, ਐੱਚ ਐੱਮ ਪੀ ਸ਼ਾਟਸ ਵਿਖੇ ਛੇ ਕੈਦੀਆਂ ਦੇ ਓਵਰਡੋਜ਼ ਹੋਣ ਦੀ ਰਿਪੋਰਟ ਕੀਤੀ ਗਈ ਸੀ।