SCO ਦੇਸ਼ਾਂ ਨੇ ਆਨਲਾਈਨ ਅੱਤਵਾਦ ਰੋਕੂ ਅਭਿਆਸ ਨੂੰ ਦਿੱਤਾ ਅੰਜ਼ਾਮ

12/14/2019 1:21:23 AM

ਬੀਜ਼ਿੰਗ - ਸਾਈਬਰ ਸੁਰੱਖਿਆ ਨਾਲ ਜੁੜੀ ਵਧਦੀਆਂ ਚੁਣੌਤੀਆਂ ਵਿਚਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਨੇ ਚੀਨ 'ਚ ਇਕ ਸੰਯੁਕਤ ਆਨਲਾਈਨ ਅੱਤਵਾਦ ਰੋਕੂ ਅਭਿਆਸ ਕੀਤਾ। ਇਸ ਕਵਾਇਦ ਦੇ ਤਹਿਤ ਆਨਲਾਈਨ ਪੱਧਰ 'ਤੇ ਅੱਤਵਾਦੀ ਪ੍ਰਚਾਰ ਖਿਲਾਫ ਅਭਿਆਨ ਚਲਾਇਆ ਗਿਆ। ਚੀਨੀ ਸ਼ਹਿਰ ਜਿਯਾਮੇਨ 'ਚ ਸ਼ੁੱਕਰਵਾਰ ਨੂੰ ਇਹ ਅਭਿਆਨ ਸ਼ੁਰੂ ਕੀਤਾ ਗਿਆ। ਆਨਲਾਈਨ ਪੱਧਰ 'ਤੇ ਅੱਤਵਾਦੀ ਗਲਤ ਵਿਚਾਰ ਨੂੰ ਰੋਕਣ ਦੇ ਅਭਿਆਨ ਦੇ ਤਹਿਤ ਕਈ ਸਾਈਬਰ ਮਾਹਿਰਾਂ ਨੇ ਇਸ ਦੇ ਲਈ ਰਾਸਤੇ ਲੱਭੇ। ਤੀਜੀ ਵਾਰ ਇਸ ਤਰ੍ਹਾਂ ਦੀ ਰਣਨੀਤੀ ਬਣਾਈ ਗਈ। ਇਸ ਤੋਂ ਪਹਿਲਾਂ ਅਕਤੂਬਰ 2015 ਅਤੇ ਦਸੰਬਰ 2017 'ਚ ਵੀ ਇਸ ਤਰ੍ਹਾਂ ਦੀ ਰਣਨੀਤੀ 'ਤੇ ਵਿਚਾਰ-ਵਟਾਂਦਰਾ ਹੋਇਆ ਸੀ। ਐੱਸ. ਸੀ. ਓ. 'ਚ ਭਾਰਤ ਅਤੇ ਪਾਕਿਸਤਾਨ ਵੀ ਮੈਂਬਰ ਹਨ। ਚੀਨ ਦੀ ਅਗਵਾਈ ਵਾਲਾ ਐੱਸ. ਸੀ. ਓ. 8 ਮੈਂਬਰੀ ਆਰਥਿਕ ਅਤੇ ਸੁਰੱਖਿਆ ਸੰਗਠਨ ਹੈ। ਸਾਲ 2017 'ਚ ਭਾਰਤ ਅਤੇ ਪਾਕਿਸਤਾਨ ਨੂੰ ਇਸ ਦੇ ਮੈਂਬਰ ਦਾ ਦਰਜਾ ਮਿਲਿਆ। ਸ਼ੰਘਾਈ ਸਹਿਯੋਗ ਸੰਗਠਨ ਦੇ ਸੰਸਥਾਪਕ ਮੈਂਬਰਾਂ 'ਚ ਚੀਨ, ਰੂਸ, ਕਜ਼ਾਕਿਸਤਾਨ, ਕਿਰਗੀਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ।


Khushdeep Jassi

Content Editor

Related News