ਕੈਨੇਡਾ ਦੇ ਕਈ ਸੂਬਿਆਂ ਨੇ ਦਿੱਤੀ ਪਾਬੰਦੀਆਂ 'ਚ ਢਿੱਲ, ਸਕੂਲ ਜਾ ਸਕਣਗੇ ਵਿਦਿਆਰਥੀ

Tuesday, Jun 02, 2020 - 07:18 PM (IST)

ਕੈਨੇਡਾ ਦੇ ਕਈ ਸੂਬਿਆਂ ਨੇ ਦਿੱਤੀ ਪਾਬੰਦੀਆਂ 'ਚ ਢਿੱਲ, ਸਕੂਲ ਜਾ ਸਕਣਗੇ ਵਿਦਿਆਰਥੀ

ਓਟਾਵਾ- ਕੋਰੋਨਾ ਵਾਇਰਸ ਨੇ ਕੈਨੇਡਾ ਵਿਚ ਕਹਿਰ ਮਚਾਇਆ ਹੋਇਆ ਹੈ। ਕੈਨੇਡਾ ਦੇ ਕੁਝ ਸੂਬਿਆਂ ਨੇ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਸੂਬਾ ਮਾਪਿਆਂ ਨੂੰ ਮੌਕਾ ਦੇ ਰਿਹਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਾਪਸ ਸਕੂਲ ਭੇਜ ਸਕਦੇ ਹਨ।
 
ਕਿੰਡਰਗਾਰਟਨ ਤੋਂ ਗਰੇਡ 5 ਤੱਕ ਦੇ ਬੱਚੇ ਅੱਧਾ ਸਮਾਂ ਸਕੂਲ ਜਾ ਸਕਦੇ ਹਨ, ਹਾਲਾਂਕਿ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਹਫਤੇ ਵਿਚ ਇਕ ਦਿਨ ਸਕੂਲ ਜਾ ਸਕਣਗੇ। ਸਰਕਾਰ ਦਾ ਕਹਿਣਾ ਹੈ ਕਿ ਉਹ ਸਤੰਬਰ ਤੱਕ ਹੀ ਪੂਰੇ ਸਮੇਂ ਦੀਆਂ ਕਲਾਸਾਂ ਲਗਾ ਸਕਣਗੇ। ਸੂਬੇ ਭਰ ਦੇ ਲਗਭਗ 5000 ਵਿਦਿਆਰਥੀ ਇਸ ਸਮੇਂ ਵੀ ਕਲਾਸਾਂ ਲਗਾ ਰਹੇ ਹਨ, ਜਿਨ੍ਹਾਂ ਵਿਚੋਂ ਕਈ ਜ਼ਰੂਰੀ ਕੰਮਾਂ ਵਾਲੇ ਅਤੇ ਵਧੇਰੇ ਮਦਦ ਦੀ ਜ਼ਰੂਰਤ ਵਾਲੇ ਵਿਦਿਆਰਥੀ ਹਨ। ਬੀ. ਸੀ. ਅਧਿਆਪਕ ਸੰਘ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਅਜੇ ਇਸ ਸਬੰਧੀ ਜਾਣਕਾਰੀ ਨਹੀਂ ਕਿ ਕਿੰਨੇ ਵਿਦਿਆਰਥੀ ਕਲਾਸਾਂ ਲਗਾਉਣਗੇ।
 
ਸੂਬਾ ਮੈਡੀਕਲ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਨੇ ਕਿਹਾ ਕਿ ਸਕੂਲਾਂ ਦੇ ਦੁਬਾਰਾ ਖੁੱਲ੍ਹਣ ਨਾਲ ਚਿੰਤਾ ਵੱਧ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਸਕੂਲ ਜਾ ਕੇ ਪੜ੍ਹਾਈ ਕਰਨਾ ਅਜੇ ਠੀਕ ਨਹੀਂ ਸਮਝਦੇ, ਉਹ ਆਨਲਾਈਨ ਪੜ੍ਹਾਈ ਜਾਰੀ ਰੱਖ ਸਕਦੇ ਹਨ। ਮੈਨੀਟੋਬਾ ਸੂਬੇ ਵਿਚ ਵੀ ਪਾਬੰਦੀਆਂ ਨੂੰ ਘਟਾਉਣ ਲਈ ਤਿਆਰੀਆਂ ਚੱਲ ਰਹੀਆਂ ਹਨ। ਨਿੱਜੀ ਕੇਅਰ ਘਰਾਂ ਵਿਚ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਮਿਲਣ ਲਈ ਹੁਣ ਜਾ ਸਕਣਗੇ, ਹਾਲਾਂਕਿ ਉਨ੍ਹਾਂ ਨੂੰ ਸਮਾਜਕ ਦੂਰੀ ਰੱਖਣ ਦੀ ਸਲਾਹ ਦਿੱਤੀ ਗਈ ਹੈ। 
ਇਸ ਦੇ ਇਲਾਵਾ ਕਮਿਊਨਟੀ ਸੈਂਟਰ, ਸੀਨੀਅਰ ਕਲੱਬ, ਫਿਟਨੈੱਸ ਕਲੱਬ, ਰੈਸਟੋਰੈਂਟ ਵਿਚ ਖਾਣਾ, ਬਾਰ , ਪੂਲ ਤੇ ਖੇਡਾਂ ਵਰਗੇ ਪ੍ਰੋਗਰਾਮ ਵੀ ਕੁੱਝ ਨਿਯਮਾਂ ਦੀ ਪਾਲਣਾ ਨਾਲ ਖੋਲ੍ਹੇ ਜਾ ਸਕਣਗੇ। 


author

Sanjeev

Content Editor

Related News