ਪੰਜਾਬੀਆਂ ਲਈ ਮਾਣ ਦੀ ਗੱਲ, ਕੈਨੇਡਾ ''ਚ ਇਸ ਸਿੱਖ ਦੇ ਨਾਂ ''ਤੇ ਖੁੱਲ੍ਹੇਗਾ ਸਕੂਲ

08/23/2020 4:12:48 PM

ਬਰੈਂਪਟਨ- ਪੰਜਾਬੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇੱਥੇ ਸਿੱਖ ਫੌਜੀ ਦੇ ਨਾਂ 'ਤੇ ਸਕੂਲ ਖੁੱਲ੍ਹਣ ਜਾ ਰਿਹਾ ਹੈ। ਇਹ ਸਕੂਲ ਕਿੰਡਰ ਗਾਰਡਨ ਤੋਂ ਲੈ ਕੇ ਅੱਠਵੀ ਜਮਾਤ ਤੱਕ ਹੋਵੇਗਾ। 

ਕੈਨੇਡਾ ਦੀ ਫੌਜ ਵਲੋਂ ਲੜੇ ਪਹਿਲੇ ਸਿੱਖ ਬੁੱਕਮ ਸਿੰਘ ਦੇ ਨਾਂ 'ਤੇ ਇਹ ਸਕੂਲ ਖੁੱਲ੍ਹਣ ਜਾ ਰਿਹਾ ਹੈ, ਜੋ ਪੰਜਾਬ ਦੇ ਮਹਿਲਪੁਰ ਇਲਾਕੇ ਨਾਲ ਸਬੰਧ ਰੱਖਦੇ ਸਨ।
 
ਹਾਲਾਂਕਿ ਇਸ ਨੂੰ ਇਸੇ ਸਾਲ ਸਤੰਬਰ ਮਹੀਨੇ ਵਿਚ ਖੋਲ੍ਹਿਆ ਜਾਣਾ ਸੀ ਪਰ ਕੋਰੋਨਾ ਵਾਇਰਸ ਫੈਲਣ ਕਾਰਨ ਸਾਰੇ ਕੰਮ ਠੱਪ ਹੋ ਗਏ, ਜਿਸ ਕਾਰਨ ਅਜੇ ਸਕੂਲ ਦੀ ਇਮਾਰਤ ਤਿਆਰ ਨਹੀਂ ਹੋ ਸਕੀ। ਇਸ ਲਈ ਹੁਣ ਇਸ ਨੂੰ ਜਨਵਰੀ 2021 ਵਿਚ ਖੋਲ੍ਹਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ ਕੁੱਲ਼ 9 ਸਿੱਖ ਫੌਜੀਆਂ ਨੇ ਕੈਨੇਡਾ ਵਲੋਂ ਜੰਗ ਲੜੀ ਸੀ ਅਤੇ ਬੁੱਕਮ ਸਿੰਘ ਉਨ੍ਹਾਂ 9 ਸਿੱਖ ਫੌਜੀਆਂ ਵਿਚੋਂ ਪਹਿਲੇ ਸਿੱਖ ਸਨ ਜੋ ਫੌਜ ਵਿਚ ਭਰਤੀ ਹੋ ਕੇ ਕੈਨੇਡਾ ਵਲੋਂ ਲੜੇ ਸਨ। ਉਨ੍ਹਾਂ ਦੀ ਇਸ ਪ੍ਰਾਪਤੀ 'ਤੇ ਪੰਜਾਬ ਸਣੇ ਪੂਰੇ ਭਾਰਤ ਨੂੰ ਮਾਣ ਹੈ। ਉਨ੍ਹਾਂ ਦਾ ਜਨਮ ਮਹਿਲਪੁਰ ਵਿਚ ਦਸੰਬਰ 1893 ਵਿਚ ਹੋਇਆ ਸੀ। 

ਗੌਰਤਲਬ ਹੈ ਕਿ ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਵਿਚ ਜ਼ਿਆਦਾਤਰ ਕੰਮ ਰੁਕੇ ਹੋਏ ਹਨ। ਕੈਨੇਡਾ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾ ਦੇ 1,24,629 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 1,10,878 ਲੋਕ ਸਿਹਤਯਾਬ ਹੋ ਚੁੱਕੇ ਹਨ। ਇੱਥੇ 9,071 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਇੱਥੇ ਇਸ ਸਮੇਂ 4,680 ਮਾਮਲੇ ਸਰਗਰਮ ਹਨ।


Lalita Mam

Content Editor

Related News