ਮਾਂ ਦੀ ਜੁਦਾਈ ''ਚ ਰੋਂਦੀ ਰਹਿੰਦੀ ਸੀ ਧੀ, ਅਣਜਾਣ ਔਰਤ ਬਣੀ ਸਹਾਰਾ
Wednesday, Apr 11, 2018 - 12:24 PM (IST)
ਵਾਸ਼ਿੰਗਟਨ— ਕਦੇ-ਕਦੇ ਕਿਸੇ ਵਿਅਕਤੀ ਵੱਲੋਂ ਕੀਤੀ ਗਈ ਮਦਦ ਕਿਸੇ ਦੀ ਜ਼ਿੰਦਗੀ ਸਵਾਰ ਦਿੰਦੀ ਹੈ। ਅਜਿਹੀ ਹੀ ਇਕ ਮਹਿਲਾ ਹੈ ਡਰਾਈਵਰ ਟ੍ਰੈਸੀ ਡੀਨ, ਜਿਸ ਦੀ ਮਦਦ ਨਾਲ ਉਦਾਸ ਰਹਿਣ ਵਾਲੀ ਬੱਚੀ ਇਸਾਬੇਲਾ ਦੀ ਜ਼ਿੰਦਗੀ 'ਚ ਰੌਣਕ ਆ ਗਈ। ਉਹ ਉਸ ਨੂੰ ਇਕ ਮਾਂ ਵਾਂਗ ਪਿਆਰ ਕਰਦੀ ਹੈ। 11 ਸਾਲਾ ਬੱਚੀ ਇਸਾਬੇਲਾ ਦੀ ਮਾਂ ਦੀ ਮੌਤ ਇਕ ਗੰਭੀਰ ਬੀਮਾਰੀ ਕਾਰਨ ਹੋ ਗਈ ਅਤੇ ਉਸ ਨੂੰ ਵਾਲ ਵਹਾਉਣ ਅਤੇ ਗੁੱਤ ਕਰਵਾਉਣ 'ਚ ਬਹੁਤ ਮੁਸ਼ਕਲਾਂ ਆਉਣ ਲੱਗੀਆਂ। ਇਸੇ ਕਾਰਨ ਉਸ ਦੇ ਪਿਤਾ ਫਿਲਿਪ ਨੇ ਉਸ ਦੇ ਵਾਲ ਵੀ ਕਟਵਾ ਦਿੱਤੇ ਸਨ। ਬੱਚੀ ਬਹੁਤ ਉਦਾਸ ਰਹਿੰਦੀ ਸੀ। ਟ੍ਰੈਸੀ ਡੀਨ ਨੇ ਬੱਚੀ ਦਾ ਆਤਮ ਵਿਸ਼ਵਾਸ ਮੁੜ ਜਗਾਇਆ ਅਤੇ ਹੁਣ ਉਹ ਖੁਸ਼ ਰਹਿਣ ਲੱਗ ਗਈ ਹੈ।

ਇਸਾਬੇਲਾ ਦੇ ਪਿਤਾ ਨੇ ਕਿਹਾ ਕਿ ਉਸ ਕੋਲੋਂ ਉਸ ਦੀ ਗੁੱਤ ਨਹੀਂ ਹੁੰਦੀ ਸੀ ਅਤੇ ਬੱਚੀ ਆਪਣੀ ਮ੍ਰਿਤਕ ਮਾਂ ਨੂੰ ਯਾਦ ਕਰ-ਕਰ ਕੇ ਰੋਂਦੀ ਰਹਿੰਦੀ ਸੀ। ਇਸਾਬੇਲਾ ਨੇ ਕਿਹਾ ਕਿ ਟ੍ਰੈਸੀ ਉਸ ਦੀ ਮਾਂ ਵਰਗੀ ਹੈ। ਉਹ ਉਸ ਨੂੰ ਮਾਂ ਦੀ ਕਮੀ ਵੀ ਮਹਿਸੂਸ ਨਹੀਂ ਹੋਣ ਦਿੰਦੀ। ਉਸ ਨੇ ਕਿਹਾ,''ਮੈਂ ਹਰ ਰੋਜ਼ ਉਨ੍ਹਾਂ ਦਾ ਇੰਤਜ਼ਾਰ ਕਰਦੀ ਹਾਂ। ਉਹ ਰੋਜ਼ ਸਵੇਰੇ ਆ ਕੇ ਮੇਰੀ ਗੁੱਤ ਕਰਦੀ ਹੈ ਅਤੇ ਮੈਨੂੰ ਬਹੁਤ ਚੰਗਾ ਲੱਗਦਾ ਹੈ। ਉਹ ਮੈਨੂੰ ਖੁਸ਼ ਰੱਖਣ ਲਈ ਹਰ ਰੋਜ਼ ਕੁੱਝ ਨਵਾਂ ਕਰਦੀ ਹੈ।
