ਸਾਊਦੀ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 3 ਲੱਖ ਤੋਂ ਵਧ ਲੋਕ ਗ੍ਰਿਫਤਾਰ

01/05/2018 4:59:47 PM

ਰਿਆਦ/ਸਾਊਦੀ ਅਰਬ(ਬਿਊਰੋ)— ਸਾਊਦੀ ਅਰਬ ਵਿਚ ਸਰਕਾਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੱਖਾਂ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਪਿਛਲੇ ਸਾਲ 15 ਨਵੰਬਰ ਨੂੰ ਸ਼ੁਰੂ ਕੀਤੇ ਗਏ ਅਭਿਆਨ ਦੇ ਤਹਿਤ ਪ੍ਰਸ਼ਾਸਨ ਨੇ ਦੇਸ਼ ਭਰ ਵਿਚ ਛਾਪੇਮਾਰੀ ਕਰ ਕੇ 3,37,281 ਵਿਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਕੋਲ ਆਵਾਸ ਅਤੇ ਵਰਕ ਪਰਮਿਟ ਨਹੀਂ ਸੀ। ਸਥਾਨਕ ਮੀਡੀਆ ਮੁਤਾਬਕ ਵਿਸ਼ੇਸ਼ ਅਭਿਆਨ ਦੇ ਤਹਿਤ 1,98,231 ਵਿਦੇਸ਼ੀਆਂ ਕੋਲ ਕਾਨੂੰਨੀ ਪਰਮਿਟ ਨਹੀਂ ਸੀ, ਜਦੋਂ ਕਿ 99,980 ਦੇ ਕੋਲ ਵਰਕ ਪਰਮਿਟ ਨਹੀਂ ਸੀ। ਪ੍ਰਸ਼ਾਸਨ ਮੁਤਾਬਕ ਹਿਰਾਸਤ ਵਿਚ ਲਏ ਗਏ ਲੋਕਾਂ ਵਿਚੋਂ 65,715 ਲੋਕਾਂ ਨੂੰ ਦੇਸ਼ ਭੇਜਿਆ ਜਾ ਚੁੱਕਾ ਹੈ। ਹਾਲਾਂਕਿ ਅਜੇ ਤੱਕ ਇਨ੍ਹਾਂ ਲੋਕਾਂ ਦੀ ਨਾਗਰਿਕਤਾ ਦਾ ਪਤਾ ਨਹੀਂ ਲੱਗ ਸਕਿਆ ਹੈ।
ਸਾਊਦੀ ਵਿਚ 32 ਲੱਖ ਭਾਰਤੀ
ਸਾਊਦੀ ਅਰਬ ਵਿਚ ਕੰਮ ਕਰਨ ਵਾਲਿਆਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ। ਕਰੀਬ 32 ਲੱਖ ਭਾਰਤੀ ਇਸ ਦੇਸ਼ ਵਿਚ ਨੌਕਰੀ ਕਰਦੇ ਹਨ। ਸਾਊਦੀ ਸਰਕਾਰ ਨੇ ਪਿਛਲੇ ਸਾਲ ਹੀ ਗੈਰ-ਕਾਨੂੰਨੀ ਤਰੀਕੇ ਨਾਲ ਆਉਣ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਸੀ ਕਿ ਜੇਕਰ 90 ਦਿਨ ਦੇ ਅੰਦਰ ਉਨ੍ਹਾਂ ਨੇ ਆਪਣੇ ਕਾਗਜ਼ਾਤ ਕਾਨੂੰਨੀ ਨਹੀਂ ਕਰਾਏ ਤਾਂ 13 ਹਜ਼ਾਰ ਤੋਂ ਇਕ ਲੱਖ ਰਿਆਲ ਤੱਕ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਸਾਊਦੀ ਅਰਬ ਨੇ ਪਿਛਲੇ ਸਾਲ ਮਾਰਚ ਵਿਚ ਇਹ ਛੋਟ ਦਿੱਤੀ ਸੀ। ਜਿਨ੍ਹਾਂ ਲੋਕਾਂ ਨੇ ਇਸ ਦੌਰਾਨ ਦੇਸ਼ ਛੱਡ ਦਿੱਤਾ, ਉਨ੍ਹਾਂ ਨੂੰ ਨਾ ਜ਼ੁਰਮਾਨਾ ਭਰਨਾ ਪਿਆ ਅਤੇ ਨਾ ਹੀ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਹੋਈ।
ਹਜ਼ਾਰਾਂ ਵਿਦੇਸ਼ੀਆਂ ਨੂੰ ਵਾਪਸ ਭੇਜਣ ਦੀ ਤਿਆਰੀ ਵਿਚ
ਅਧਿਕਾਰੀਆਂ ਨੇ ਦੱਸਿਆ ਕਿ 15,250 ਲੋਕ ਹਿਰਾਸਤ ਵਿਚ ਹਨ। ਇਨ੍ਹਾਂ ਵਿਚ 12,781 ਪੁਰਸ਼ ਅਤੇ 2,469 ਔਰਤਾਂ ਹਨ। ਇਹ ਸਾਰੇ ਅਜੇ ਹਿਰਾਸਤ ਵਿਚ ਹਨ ਅਤੇ ਆਪਣੇ ਦੇਸ਼ ਵਾਪਸ ਭੇਜੇ ਜਾਣ ਦੇ ਇੰਤਜ਼ਾਰ ਵਿਚ ਹਨ। ਇਸ ਤੋਂ ਇਲਾਵਾ 47,474 ਨੂੰ ਤੁਰੰਤ ਸਜ਼ਾ ਦੇ ਦਿੱਤੀ ਗਈ, ਜਿਨ੍ਹਾਂ ਵਿਚੋਂ 43,457 ਕੋਲ ਯਾਤਰਾ ਦਸਤਾਵੇਜ਼ ਨਹੀਂ ਸਨ। ਇਨ੍ਹਾਂ ਨੂੰ ਸਬੰਧਤ ਦੂਤਘਰਾਂ ਵਿਚ ਭੇਜ ਦਿੱਤਾ ਗਿਆ ਹੈ, ਜਦੋਂਕਿ ਹੋਰ 49,703 ਜਹਾਜ਼ ਦੀ ਟਿਕਟ ਬੁਕਿੰਗ ਦੇ ਇੰਤਜ਼ਾਰ ਵਿਚ ਹਨ।


Related News