ਸਾਊਦੀ ਅਰਬ ਅਗਸਤ ''ਚ ਰੂਸ-ਯੂਕ੍ਰੇਨ ਯੁੱਧ ਦੌਰਾਨ ਸ਼ਾਂਤੀ ਵਾਰਤਾ ਦੀ ਕਰੇਗਾ ਮੇਜ਼ਬਾਨੀ, ਭਾਰਤ ਵੀ ਲੈ ਸਕਦੈ ਹਿੱਸਾ

Tuesday, Aug 01, 2023 - 12:45 PM (IST)

ਸਾਊਦੀ ਅਰਬ ਅਗਸਤ ''ਚ ਰੂਸ-ਯੂਕ੍ਰੇਨ ਯੁੱਧ ਦੌਰਾਨ ਸ਼ਾਂਤੀ ਵਾਰਤਾ ਦੀ ਕਰੇਗਾ ਮੇਜ਼ਬਾਨੀ, ਭਾਰਤ ਵੀ ਲੈ ਸਕਦੈ ਹਿੱਸਾ

ਦੁਬਈ (ਭਾਸ਼ਾ)- ਯੂਕ੍ਰੇਨ ਵਿੱਚ ਚੱਲ ਰਹੇ ਯੁੱਧ ਦੌਰਾਨ ਸਾਊਦੀ ਅਰਬ ਅਗਸਤ ਮਹੀਨੇ ਵਿੱਚ ਇੱਕ ਸ਼ਾਂਤੀ ਵਾਰਤਾ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਭਾਰਤ ਵੀ ਹਿੱਸਾ ਲੈ ਸਕਦਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਸਾਊਦੀ ਅਰਬ ਅਤੇ ਯੂਕ੍ਰੇਨ ਨੇ ਅਜੇ ਤੱਕ ਗੱਲਬਾਤ ਦੀ ਪੁਸ਼ਟੀ ਨਹੀਂ ਕੀਤੀ ਹੈ। ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਸ਼ਾਂਤੀ ਵਾਰਤਾ ਲਾਲ ਸਾਗਰ ਬੰਦਰਗਾਹ ਸ਼ਹਿਰ ਜੇਦਾਹ 'ਚ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸ਼ਾਂਤੀ ਵਾਰਤਾ ਸੰਮੇਲਨ ਵਿੱਚ ਯੂਕ੍ਰੇਨ ਦੇ ਇਲਾਵਾ ਬ੍ਰਾਜ਼ੀਲ, ਭਾਰਤ, ਦੱਖਣੀ ਅਫਰੀਕਾ ਅਤੇ ਹੋਰ ਕਈ ਦੇਸ਼ ਹਿੱਸਾ ਲੈਣਗੇ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੇ ਇੱਕ ਉੱਚ ਪੱਧਰੀ ਅਧਿਕਾਰੀ ਦੇ ਵੀ ਬੈਠਕ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਅਧਿਕਾਰੀ ਮੁਤਾਬਕ ਕੀਵ ਇਸ ਸਮਾਗਮ ਦੀਆਂ ਤਿਆਰੀਆਂ ਨੂੰ ਸੰਭਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਸ਼ਾਂਤੀ ਵਾਰਤਾ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਨਹੀਂ ਹੈ। ਸਭ ਤੋਂ ਪਹਿਲਾਂ ਇਸ ਸ਼ਾਂਤੀ ਵਾਰਤਾ ਦੀ ਜਾਣਕਾਰੀ ‘ਦਿ ਵਾਲ ਸਟਰੀਟ ਜਰਨਲ’ ਨੇ ਦਿੱਤੀ ਸੀ। ਉਸ ਨੇ 'ਵਾਰਤਾ ਨਾਲ ਜੁੜੇ ਡਿਪਲੋਮੈਟਾਂ' ਦੇ ਹਵਾਲੇ ਨਾਲ ਕਿਹਾ ਕਿ ਸ਼ਾਂਤੀ ਵਾਰਤਾ 5-6 ਅਗਸਤ ਨੂੰ ਹੋਵੇਗੀ ਅਤੇ ਇਸ 'ਚ ਕਰੀਬ 30 ਦੇਸ਼ ਹਿੱਸਾ ਲੈਣਗੇ। ਅਜੇ ਤੱਕ ਸਾਊਦੀ ਅਰਬ ਦੇ ਅਧਿਕਾਰੀਆਂ ਅਤੇ ਰਿਆਦ ਸਥਿਤ ਯੂਕ੍ਰੇਨ ਦੂਤਘਰ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। 


author

cherry

Content Editor

Related News