ਅਰਬ ਦੇਸ਼ਾਂ ਨੇ ਪਾਕਿ ਡਾਕਟਰਾਂ ਨੂੰ ਦੇਸ਼ ਛੱਡਣ ਦਾ ਦਿੱਤਾ ਆਦੇਸ਼, ਜਾਣੋ ਵਜ੍ਹਾ

Thursday, Aug 08, 2019 - 10:19 AM (IST)

ਅਰਬ ਦੇਸ਼ਾਂ ਨੇ ਪਾਕਿ ਡਾਕਟਰਾਂ ਨੂੰ ਦੇਸ਼ ਛੱਡਣ ਦਾ ਦਿੱਤਾ ਆਦੇਸ਼, ਜਾਣੋ ਵਜ੍ਹਾ

ਰਿਆਦ (ਬਿਊਰੋ)— ਸਾਊਦੀ ਅਰਬ ਸਮੇਤ ਹੋਰ ਅਰਬ ਦੇਸ਼ਾਂ ਵਿਚ ਪ੍ਰੈਕਟਿਸ ਕਰ ਰਹੇ ਉੱਚਤਮ ਯੋਗਤਾ ਵਾਲੇ ਪਾਕਿਸਤਾਨੀ ਡਾਕਟਰਾਂ ਨੂੰ ਵੱਡਾ ਝਟਕਾ ਲੱਗਾ ਹੈ। ਸਾਊਦੀ ਅਰਬ ਅਤੇ ਮੱਧ ਪੂਰਬ ਦੇ ਕਈ ਦੇਸ਼ਾਂ ਨੇ ਪਾਕਿਸਤਾਨ ਦੀ ਐੱਮ.ਐੱਸ. ਅਤੇ ਐੱਮ.ਡੀ. ਜਿਹੀ ਮੈਡੀਕਲ ਡਿਗਰੀ ਅਯੋਗ (invalid) ਐਲਾਨ ਕਰ ਦਿੱਤੀ ਹੈ। ਇਨ੍ਹਾਂ ਦੇਸ਼ਾਂ ਨੇ ਪਾਕਿਸਤਾਨੀ ਡਿਗਰੀ ਧਾਰਕ ਡਾਕਟਰਾਂ ਨੂੰ ਉੱਚਤਮ ਭੁਗਤਾਨ ਦੀ ਯੋਗਤਾ ਸੂਚੀ ਵਿਚੋਂ ਹਟਾ ਦਿੱਤਾ ਹੈ। ਇਨ੍ਹਾਂ ਪਾਕਿਸਤਾਨੀ ਡਾਕਟਰਾਂ ਦੇ ਸਾਹਮਣੇ ਨੌਕਰੀ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। 

ਇਨ੍ਹਾਂ ਸਾਰੇ ਦੇਸ਼ਾਂ ਵਿਚ ਭਾਰਤ ਦੀ ਡਿਗਰੀ ਨੂੰ ਜਾਇਜ਼ ਮੰਨਿਆ ਗਿਆ ਹੈ ਜਦਕਿ ਪਾਕਿਸਤਾਨੀ ਡਾਕਟਰਾਂ ਨੂੰ ਕਿਹਾ ਹੈ ਕਿ ਉਹ ਜਾਂ ਤਾਂ ਖੁਦ ਦੇਸ਼ ਛੱਡ ਦੇਣ ਨਹੀਂ ਤਾਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਸਾਊਦੀ ਸਰਕਾਰ ਦੇ ਇਸ ਕਦਮ ਦੇ ਬਾਅਦ ਕਤਰ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਬਹਿਰੀਨ ਨੇ ਵੀ ਇਸੇ ਤਰ੍ਹਾਂ ਦਾ ਕਦਮ ਚੁੱਕਿਆ ਹੈ। ਦੂਜੇ ਪਾਸੇ ਅਰਬ ਦੇਸ਼ਾਂ ਨੇ ਭਾਰਤ ਦੇ ਇਲਾਵਾ ਮਿਸਰ, ਸੂਡਾਨ ਅਤੇ ਬੰਗਲਾਦੇਸ਼ ਦੀਆਂ ਡਿਗਰੀਆਂ ਨੂੰ ਜਾਇਜ਼ ਮੰਨਿਆ ਹੈ ਮਤਲਬ ਇਨ੍ਹਾਂ ਦੇਸ਼ਾਂ ਦੇ ਡਿਗਰੀ ਧਾਰਕ ਡਾਕਟਰ ਇੱਥੇ ਮੈਡੀਕਲ ਪ੍ਰੈਕਟਿਸ ਜਾਰੀ ਰੱਖ ਸਕਦੇ ਹਨ।

ਪਾਕਿਸਤਾਨੀ ਐੱਮ.ਐੱਸ. ਅਤੇ ਐੱਮ.ਡੀ. ਡਾਕਟਰਾਂ ਨੂੰ ਅਯੋਗ ਐਲਾਨ ਕਰਦਿਆਂ ਸਾਊਦੀ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਕਿ ਇਸ ਵਿਚ ਰਚਨਾਤਮਕ ਸਿਖਲਾਈ ਪ੍ਰੋਗਰਾਮ ਦੀ ਕਮੀ ਹੈ ਜੋ ਮਹੱਤਵਪੂਰਣ ਅਹੁਦਿਆਂ ਲਈ ਡਾਕਟਰਾਂ ਨੂੰ ਰੱਖਣ ਲਈ ਇਕ ਲਾਜ਼ਮੀ ਲੋੜ ਹੈ। ਅਸਲ ਵਿਚ 2016 ਵਿਚ ਸਾਊਦੀ ਦੇ ਸਿਹਤ ਮੰਤਰਾਲੇ ਦੀ ਇਕ ਟੀਮ ਨੇ ਜ਼ਿਆਦਾਤਰ ਪ੍ਰਭਾਵਿਤ ਡਾਕਟਰਾਂ ਨੂੰ ਕੰਮ 'ਤੇ ਰੱਖਿਆ ਸੀ ਜਦੋਂ ਉਨ੍ਹਾਂ ਨੇ ਆਨਲਾਈਨ ਐਪਲੀਕੇਸ਼ਨ ਸੱਦਾ ਦੇਣ ਦੇ ਬਾਅਦ ਕਰਾਚੀ, ਲਾਹੌਰ ਅਤੇ ਇਸਲਾਮਾਬਾਦ ਵਿਚ ਇੰਟਰਵਿਊ ਆਯੋਜਿਤ ਕੀਤੇ ਸਨ। 

ਅਖਬਾਰ ਮੁਤਾਬਕ ਕਈ ਡਾਕਟਰਾਂ ਨੂੰ ਬਰਖਾਸਤਗੀ ਦੇ ਪੱਤਰ ਮਿਲ ਗਏ ਹਨ। ਇਹ ਪੱਤਰ ਸਾਊਦੀ ਕਮਿਸ਼ਨ ਫੌਰ ਹੈਲਥ ਸਪੈਸ਼ਲਿਟੀਜ਼ (ਐੱਸ.ਸੀ.ਐੱਫ.ਐੱਚ.ਐੱਸ.) ਵੱਲੋਂ ਜਾਰੀ ਕੀਤੇ ਗਏ ਹਨ। ਐਸੋਸੀਏਸ਼ਨ ਆਫ ਯੂਨੀਵਰਸਿਟੀ ਫਿਜੀਸ਼ੀਅਨਸ ਐਂਡ ਸਰਜਸ ਪਾਕਿਸਤਾਨ ਦੇ ਬੁਲਾਰੇ ਡਾਕਟਰ ਅਸਦ ਨੂਰ ਮਿਰਜਾ ਨੇ ਅਰਬ ਦੇਸ਼ਾਂ ਦੇ ਫੈਸਲੇ ਨੂੰ ਪਾਕਿਸਤਾਨੀ ਡਾਕਟਰਾਂ ਲਈ ਸਦਮਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਹੀ ਸਥਿਤੀ ਦੀ ਜਾਣਕਾਰੀ ਦੇਣ ਲਈ ਪਾਕਿਸਤਾਨ ਸਰਕਾਰ ਨੂੰ ਜਲਦੀ ਹੀ ਇਨ੍ਹਾਂ ਦੇਸ਼ਾਂ ਵਿਚ ਆਪਣਾ ਵਫਦ ਭੇਜਣਾ ਚਾਹੀਦਾ ਹੈ।


author

Vandana

Content Editor

Related News