ਖਸ਼ੋਗੀ ਦੀ ਮੰਗੇਤਰ ਨੇ ਅਮਰੀਕਾ ਦਾ ਰਵੱਈਏ ਨੂੰ ਦੱਸਿਆ ''ਸ਼ਰਮਨਾਕ''
Thursday, Jun 27, 2019 - 03:26 PM (IST)

ਵਾਸ਼ਿੰਗਟਨ— ਅਮਰੀਕਾ ਦੀ ਅਖਬਾਰ 'ਵਾਸ਼ਿੰਗਟਨ ਪੋਸਟ' ਲਈ ਲਿਖਣ ਵਾਲੇ ਸਾਊਦੀ ਮੂਲ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਮੰਗੇਤਰ ਨੇ ਖਸ਼ੋਗੀ ਦੇ ਕਤਲ ਨੂੰ ਲੈ ਕੇ ਅਮਰੀਕੀ ਰਵੱਈਏ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਖਸ਼ੋਗੀ ਦੀ ਮੰਗੇਤਰ ਹੈਟਿਸ ਕੈਂਗਿਜ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਹਾਲ ਹੀ 'ਚ ਸਾਊਦੀ ਅਰਬ ਦੀ ਯਾਤਰਾ 'ਤੇ ਸਨ ਪਰ ਉਨ੍ਹਾਂ ਨੇ ਇਸ ਦੌਰਾਨ ਇਸ ਬਾਰੇ ਕੋਈ ਗੱਲ ਨਹੀਂ ਕੀਤੀ।
ਕੇਂਗਿਜ ਨੇ ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਪੋਂਪੀਓ ਨੇ ਮੰਗਲਵਾਰ ਨੂੰ ਸਾਊਦੀ ਅਰਬ ਦੀ ਯਾਤਰਾ ਦੌਰਾਨ ਖਸ਼ੋਗੀ ਦੀ ਚਰਚਾ ਨਹੀਂ ਕੀਤੀ। ਅਮਰੀਕੀ ਵਿਦੇਸ਼ ਮੰਤਰੀ ਨੇ ਅਜਿਹਾ ਵਿਵਹਾਰ ਕੀਤਾ, ਜਿਵੇਂ ਇੰਨੇ ਵੱਡੇ ਪੱਤਰਕਾਰ ਦਾ ਕਤਲ ਹੀ ਨਹੀਂ ਹੋਇਆ। ਉਨ੍ਹਾਂ ਨੇ ਕਿਹਾ,''ਅਸਲ 'ਚ ਮਾਈਕ ਪੋਂਪੀਓ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਰਾਜਨੀਤੀ ਦੇ ਵਾਂਗ ਹੀ ਵਿਵਹਾਰ ਕੀਤਾ। ਇਸ 'ਚ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਪਰ ਇਹ ਅਮਰੀਕਾ ਲਈ ਸ਼ਰਮ ਦੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਅਮਰੀਕਾ ਦੇ ਲੋਕ ਵੀ ਇਸ ਸਵਾਲ ਦਾ ਜਵਾਬ ਮੰਗਣਗੇ ਕਿ ਉਨ੍ਹਾਂ ਦਾ ਵਿਵਹਾਰ ਅਜਿਹਾ ਕਿਉਂ ਹੈ, ਜਿਵੇਂ ਕਿ ਖਸ਼ੋਗੀ ਦਾ ਕਤਲ ਹੋਇਆ ਹੀ ਨਹੀਂ?'' ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਨੇ ਖਸ਼ੋਗੀ ਦੇ ਕਤਲ ਦੀ ਜਾਂਚ ਨੂੰ ਲੈ ਕੇ ਠੋਸ ਕਦਮ ਨਹੀਂ ਚੁੱਕਿਆ ਪਰ ਅਮਰੀਕਾ ਦੇ ਇਸ ਤਰ੍ਹਾਂ ਦੇ ਨੈਗੇਟਿਵ ਰਵੱਈਏ ਦਾ ਕਾਰਨ ਉਨ੍ਹਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ।