'ਈਰਾਨ ਨੂੰ ਰੋਕਣ ਲਈ ਦੁਨੀਆ ਨਾਲ ਨਾ ਖੜ੍ਹੀ ਹੋਈ ਤਾਂ ਵੱਧਣਗੀਆਂ ਤੇਲ ਦੀਆਂ ਕੀਮਤਾਂ'

09/30/2019 11:21:04 AM

ਰਿਆਦ (ਬਿਊਰੋ)— ਈਰਾਨ ਨਾਲ ਚੱਲ ਰਹੇ ਵਿਵਾਦ ਵਿਚ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਈਰਾਨ ਨੂੰ ਰੋਕਣ ਲਈ ਪੂਰੀ ਦੁਨੀਆ ਉਨ੍ਹਾਂ ਦੇ ਨਾਲ ਨਹੀਂ ਖੜ੍ਹੀ ਹੋਈ ਤਾਂ ਤੇਲ ਦੀਆਂ ਕੀਮਤਾਂ ਵੱਧ ਜਾਣਗੀਆਂ। ਇਕ ਇੰਟਰਵਿਊ ਵਿਚ ਪ੍ਰਿੰਸ ਸਲਮਾਨ ਨੇ ਕਿਹਾ ਕਿ ਉਹ ਮਿਲਟਰੀ ਹੱਲ ਦੀ ਬਜਾਏ ਰਾਜਨੀਤਕ ਗੱਲਬਾਤ ਜ਼ਰੀਏ ਹੱਲ ਕੱਢਣਾ ਚਾਹੁੰਦੇ ਹਨ। ਇਸੇ ਮਹੀਨੇ ਦੇ ਸ਼ੁਰੂ ਵਿਚ ਸਾਊਦੀ ਦੀ ਤੇਲ ਕੰਪਨੀ ਅਰਾਮਕੋ ਦੀਆਂ ਦੋ ਰਿਫਾਇਨਰੀਆਂ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਦੇ ਬਾਅਦ ਪ੍ਰਿੰਸ ਸਲਮਾਨ ਨੇ ਪਹਿਲੀ ਵਾਰ ਇਸ ਮੁੱਦੇ 'ਤੇ ਬਿਆਨ ਦਿੱਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਪ੍ਰਿੰਸ ਸਲਮਾਨ ਨੇ ਕਿਹਾ ਹੈ ਕਿ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਈਰਾਨ ਵਿਰੁੱਧ ਕਾਰਵਾਈ ਵਿਚ ਸ਼ਾਮਲ ਹੋਣਾ ਪਵੇਗਾ ਨਹੀਂ ਤਾਂ ਸਾਰਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜ਼ਿਕਰਯੋਗ ਹੈ ਕਿ ਤੇਲ ਪਲਾਂਟਾਂ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਯਮਨ ਦੇ ਹੂਤੀ ਬਾਗੀਆਂ ਨੇ ਲਈ ਸੀ ਜਦਕਿ ਸਾਊਦੀ ਅਰਬ ਨੇ ਈਰਾਨ ਨੂੰ ਇਸ ਹਮਲੇ ਦਾ ਜ਼ਿੰਮੇਵਾਰ ਠਹਿਰਾਇਆ ਸੀ। ਉੱਥੇ ਅਮਰੀਕਾ ਨੇ ਵੀ ਇਨ੍ਹਾਂ ਹਮਲਿਆਂ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। 

ਪ੍ਰਿੰਸ ਸਲਮਾਨ ਨੇ ਕਿਹਾ ਕਿ ਈਰਾਨ ਵਿਰੁੱਧ ਲੜਾਈ ਵਿਚ ਦੁਨੀਆ ਨਾਲ ਨਹੀਂ ਆਈ ਤਾਂ ਸਾਰੇ ਪ੍ਰਭਾਵਿਤ ਹੋਣਗੇ। ਇਕ ਅਮਰੀਕੀ ਪੈਨਲ ਨੂੰ ਦਿੱਤੇ ਇੰਟਰਵਿਊ ਵਿਚ ਪ੍ਰਿੰਸ ਸਲਮਾਨ ਨੇ ਕਿਹਾ ਕਿ ਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਹਮਲਾ ਈਰਾਨ ਵੱਲੋਂ ਯੁੱਧ ਦੀ ਸ਼ੁਰੂਆਤ ਸੀ। ਇਸ ਦੇ ਬਾਵਜੂਦ ਉਹ ਯੁੱਧ ਨਹੀਂ ਕਰਨਾ ਚਾਹੁੰਦੇ। ਉਹ ਈਰਾਨ ਨਾਲ ਵਿਵਾਦ ਦਾ ਰਾਜਨੀਤਕ ਹੱਲ ਚਾਹੁੰਦੇ ਹਨ ਕਿਉਂਕਿ ਯੁੱਧ ਨਾਲ ਪੂਰੀ ਦੁਨੀਆ ਦੀ ਅਰਥਵਿਵਸਥਾ 'ਤੇ ਅਸਰ ਪਵੇਗਾ। ਉਨ੍ਹਾਂ ਨੇ ਕਿਹਾ ਕਿ ਈਰਾਨ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਅਤੇ ਤੇਲ ਦੀਆਂ ਕੀਮਤਾਂ ਇੰਨੀਆਂ ਵੱਧ ਜਾਣਗੀਆਂ ਜਿਸ ਦਾ ਅੰਦਾਜ਼ਾ ਵੀ ਕਿਸੇ ਨੇ ਨਹੀਂ ਲਗਾਇਆ ਹੋਵੇਗਾ।

ਉੱਧਰ ਅਮਰੀਕਾ ਨੇ ਈਰਾਨ ਵਿਰੁੱਧ ਲਾਈਆਂ ਪਾਬੰਦੀਆਂ ਵਿਚ ਵਾਧਾ ਕਰ ਦਿੱਤਾ ਹੈ। ਬੀਤੀ 20 ਸਤੰਬਰ ਨੂੰ ਅਮਰੀਕਾ ਵਿਚ ਈਰਾਨ ਦੇ ਕੇਂਦਰੀ ਬੈਂਕ ਅਤੇ ਇਕ ਡਿਵੈਲਪਮੈਂਟ ਫੰਡ ਨੂੰ ਵੀ ਪਾਬੰਦੀ ਦੇ ਦਾਇਰੇ ਵਿਚ ਲਿਆਂਦਾ ਗਿਆ ਹੈ। ਸਾਊਦੀ ਦੇ ਤੇਲ ਪਲਾਂਟਾਂ 'ਤੇ ਹੋਏ ਹਮਲੇ ਦੇ ਬਾਅਦ ਅਮਰੀਕਾ ਦੀ ਇਹ ਵੱਡੀ ਕਾਰਵਾਈ ਹੈ।


Vandana

Content Editor

Related News