ਸਾਊਦੀ ਅਰਬ ਦਾ ਦਾਅਵਾ- ''ਤੇਲ ਟੈਂਕਰਾਂ ''ਤੇ ਹੋਇਆ ਹਮਲਾ''
Monday, May 13, 2019 - 02:08 PM (IST)

ਦੁਬਈ— ਸਾਊਦੀ ਅਰਬ ਨੇ ਸੋਮਵਾਰ ਨੂੰ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੇ ਤਟੀ ਖੇਤਰ 'ਚ ਉਸ ਦੇ ਦੋ ਤੇਲ ਦੇ ਟੈਂਕਰਾਂ 'ਤੇ ਹਮਲਾ ਹੋਇਆ ਹੈ, ਜਿਸ ਨੇ ਉਨ੍ਹਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਸੰਯੁਕਤ ਅਰਬ ਅਮੀਰਾਤ ਦੇ ਖੇਤਰੀ ਸਹਿਯੋਗੀਆਂ ਨੇ ਐਤਵਾਰ ਨੂੰ ਫੁਜੌਰਾ ਸ਼ਹਿਰ ਦੇ ਤਟੀ ਖੇਤਰਾਂ 'ਚ ਐਤਵਾਰ ਨੂੰ ਜਹਾਜ਼ਾਂ 'ਤੇ ਹੋਏ ਕਥਿਤ ਹਮਲੇ ਦੀ ਨਿੰਦਾ ਕੀਤੀ ਹੈ। ਅਮੀਰਾਤ ਦੇ ਅਧਿਕਾਰੀਆਂ ਨੇ ਘਟਨਾ ਸਬੰਧੀ ਵਧੇਰੇ ਜਾਣਕਾਰੀ ਨਹੀਂ ਦਿੱਤੀ ਤੇ ਨਾ ਹੀ ਦੱਸਿਆ ਕਿ ਕੌਣ ਜ਼ਿੰਮੇਵਾਰ ਹੋ ਸਕਦਾ ਹੈ?
ਅਮਰੀਕਾ ਨੇ ਅਪੀਲ ਕੀਤੀ ਸੀ ਕਿ ਈਰਾਨ ਖੇਤਰ 'ਚ ਸਮੁੰਦਰੀ ਆਵਾਜਾਈ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਸ ਚਿਤਾਵਨੀ ਮਗਰੋਂ ਜਹਾਜ਼ਾਂ 'ਤੇ ਹਮਲੇ ਦੀ ਖਬਰ ਆਈ ਹੈ। ਜ਼ਿਕਰਯੋਗ ਹੈ ਕਿ ਈਰਾਨ ਵਲੋਂ ਪੈਦਾ ਕਥਿਤ ਖਤਰੇ ਦਾ ਮੁਕਾਬਲਾ ਕਰਨ ਲਈ ਫਾਰਸ ਦੀ ਖਾੜੀ 'ਚ ਅਮਰੀਕਾ ਇਕ ਜਹਾਜ਼ਵਾਹਕ ਬੇੜਾ ਅਤੇ ਬੀ-2 ਬੰਬਾਰੀ ਵਾਲੇ ਜਹਾਜ਼ਾਂ ਨੂੰ ਤਿਆਰ ਕਰ ਰਿਹਾ ਹੈ।
6 ਦੇਸ਼ਾਂ ਵਾਲੀ ਖਾੜੀ ਸਹਿਯੋਗ ਪ੍ਰੀਸ਼ਦ ਦੇ ਮਹਾਸਕੱਤਰ ਅਬਦੁਲ ਲਤੀਫ ਬਿਨ ਰਾਸ਼ਿਦ ਅਲ ਜਿਆਨੀ ਨੇ ਕਿਹਾ ਕਿ ਅਜਿਹੀਆਂ ਗੈਰ-ਜ਼ਿੰਮੇਦਾਰਾਨਾਂ ਹਰਕਤਾਂ ਨਾਲ ਖੇਤਰ 'ਚ ਤਣਾਅ ਵਧੇਗਾ ਅਤੇ ਇਸ ਦਾ ਨਤੀਜਾ ਸੰਘਰਸ਼ ਦੇ ਰੂਪ 'ਚ ਨਿਕਲ ਸਕਦਾ ਹੈ। ਬਹਿਰੀਨ, ਮਿਸਰ ਅਤੇ ਯਮਨ ਦੀ ਕੌਂਮਾਂਤਰੀ ਮਾਨਤਾ ਪ੍ਰਾਪਤ ਸਰਕਾਰ ਨੇ ਕਥਿਤ ਹਮਲੇ ਦੀ ਨਿੰਦਾ ਕੀਤੀ ਹੈ।