ਸਾਊਦੀ ਅਰਬ ਦੇ ਵਲੀ ਅਹਿਦ ਨੇ ਪੱਤਰਕਾਰ ਖਸ਼ੋਗੀ ਨੂੰ ਕਤਲ ਕਰਨ ਦੀ ਲਈ ਜ਼ਿੰਮੇਵਾਰੀ

09/30/2019 9:47:54 PM

ਨਿਊਯਾਰਕ (ਏ.ਪੀ.)- ਸਾਊਦੀ ਅਰਬ ਦੇ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਨੇ ਇਕ ਟੀ.ਵੀ. ਇੰਟਰਵਿਊ ਵਿਚ ਕਿਹਾ ਕਿ ਉਹ ਪੱਤਰਕਾਰ ਜਮਾਲ ਖਸ਼ੋਗੀ ਨੂੰ ਕਰੂਰਤਾ ਨਾਲ ਕਤਲ ਕਰਨ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ ਪਰ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਹੀ ਇਸ ਲਈ ਹੁਕਮ ਦਿੱਤੇ ਸਨ। ਸਲਮਾਨ (34) ਨੇ ਐਤਵਾਰ ਨੂੰ ਪ੍ਰਸਾਰਿਤ ਹੋਏ 60 ਮਿੰਟ ਦੇ ਇਕ ਇੰਟਰਵਿਊ ਵਿਚ ਕਿਹਾ ਇਹ ਜਾਲਮਾਨਾ ਹਰਕਤ ਸੀ। ਪਰ ਸਾਊਦੀ ਅਰਬ ਦਾ ਨੇਤਾ ਹੋਣ ਦੇ ਨਾਅਤੇ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ, ਖਾਸ ਤੌਰ 'ਤੇ ਇਸ ਲਈ ਕਿ ਸਾਊਦੀ ਅਰਬ ਸਰਕਾਰ ਲਈ ਕੰਮ ਕਰਨ ਵਾਲੇ ਲੋਕਾਂ ਨੇ ਇਸ ਨੂੰ ਅੰਜਾਮ ਦਿੱਤਾ। ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੇ ਖਸ਼ੋਗੀ ਨੂੰ ਕਤਲ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਜਵਾਬ ਦਿੱਤਾ ਬਿਲਕੁਲ ਨਹੀਂ। ਉਨ੍ਹਾਂ ਨੇ ਕਿਹਾ ਕਿ ਕਤਲ ਇਕ ਗਲਤੀ ਸੀ।

ਜ਼ਿਕਰਯੋਗ ਹੈ ਕਿ ਖਸ਼ੋਗੀ ਨੇ ਦਿ ਵਾਸ਼ਿੰਗਟਨ ਪੋਸਟ ਅਖਬਾਰ ਦੇ ਆਰਟੀਕਲ ਵਿਚ ਵਲੀ ਅਹਿਦ ਦੀ ਆਲੋਚਨਾ ਕੀਤੀ ਸੀ। ਖਸ਼ੋਗੀ ਤੁਰਕੀ ਮੂਲ ਦੀ ਆਪਣੀ ਮੰਗੇਤਰ ਨਾਲ ਵਿਆਹ ਕਰਨ ਖਾਤਰ ਜ਼ਰੂਰੀ ਦਸਤਾਵੇਜ਼ ਇਕੱਠੇ ਕਰਨ ਲਈ ਦੋ ਅਕਤੂਬਰ 2018 ਨੂੰ ਤੁਰਕੀ ਵਿਚ ਸਾਊਦੀ ਵਣਜ ਦੂਤਾਵਾਸ ਗਏ ਸਨ। ਸਾਊਦੀ ਸਰਕਾਰ ਦੇ ਏਜੰਟਾਂ ਨੇ ਵਣਜ ਸਫਾਰਤਖਾਨੇ ਦੇ ਅੰਦਰ ਖਸ਼ੋਗੀ ਨੂੰ ਕਤਲ ਕਰ ਦਿੱਤਾ ਅਤੇ ਉਨ੍ਹਾਂ ਦੀ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ, ਜੋ ਹੁਣ ਤੱਕ ਬਰਾਮਦ ਨਹੀਂ ਹੋ ਸਕੀ ਹੈ। ਸਾਊਦੀ ਅਰਬ ਨੇ 11 ਲੋਕਾਂ ਨੂੰ ਇਸ ਕਤਲ ਲਈ ਦੋਸ਼ੀ ਮੰਨਿਆ ਅਤੇ ਉਨ੍ਹਾਂ 'ਤੇ ਮੁਕੱਦਮਾ ਚਲਾਇਆ। ਹਾਲਾਂਕਿ ਅਜੇ ਤੱਕ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਸਜ਼ਾ ਨਹੀਂ ਮਿਲੀ ਹੈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਇਸ ਕਤਲਕਾਂਡ ਵਿਚ ਵਲੀ ਅਹਿਦ ਦੀ ਸੰਭਾਵਿਤ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ। ਅਮਰੀਕੀ ਸੰਸਦ ਨੇ ਕਿਹਾ ਸੀ ਕਿ ਉਸ ਦਾ ਮੰਨਣਾ ਹੈ ਕਿ ਇਸ ਕਤਲ ਲਈ ਵਲੀ ਅਹਿਦ ਜ਼ਿੰਮੇਵਾਰ ਹੈ।

ਉਥੇ ਹੀ ਸਾਊਦੀ ਅਰਬ ਲੰਬੇ ਸਮੇਂ ਤੱਕ ਇਹ ਕਹਿੰਦਾ ਰਿਹਾ ਕਿ ਇਸ ਵਿਚ ਵਲੀ ਅਹਿਦ ਦੀ ਕੋਈ ਭੂਮਿਕਾ ਨਹੀਂ ਹੈ। ਵਲੀ ਅਹਿਦ ਨੇ ਇੰਟਰਵਿਊ ਵਿਚ ਕਿਹਾ ਕਿ ਕੁਝ ਲੋਕ ਸੋਚਦੇ ਹਨ ਕਿ ਮੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਊਦੀ ਅਰਬ ਲਈ ਕੰਮ ਕਰਨ ਵਾਲੇ 30 ਲੱਖ ਲੋਕ ਰੋਜ਼ਾਨਾ ਕੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ ਕਿ 30 ਲੱਖ ਲੋਕ ਨੇਤਾਵਾਂ ਅਤੇ ਸਾਊਦੀ ਅਰਬ ਵਿਚ ਦੂਜੇ ਚੋਟੀ ਦੇ ਵਿਅਕਤੀਆਂ ਨੂੰ ਆਪਣੀ ਰੋਜ਼ਾਨਾ ਰਿਪੋਰਟ ਭੇਜਣ। ਨਿਊਯਾਰਕ ਵਿਚ ਵੀਰਵਾਰ ਨੂੰ ਇਕ ਇੰਟਰਵਿਊ ਵਿਚ ਖਸ਼ੋਗੀ ਦੀ ਮੰਗੇਤਰ ਹੈਟਿਸ ਸੇਂਗਿਜ਼ ਨੇ ਦਿ ਐਸੋਸੀਏਟਿਡ ਪ੍ਰੈਸ (ਏ.ਪੀ.) ਨੂੰ ਕਿਹਾ ਕਿ ਉਹ ਚਾਹੁੰਦੀ ਹੈ ਕਿ ਪ੍ਰਿੰਸ (ਵਲੀ ਅਹਿਦ) ਮੁਹੰਮਦ ਦੱਸਣ ਕਿ ਜਮਾਲ ਖਸ਼ੋਗੀ ਨੂੰ ਕਿਉਂ ਮਾਰਿਆ ਗਿਆ? ਉਨ੍ਹਾਂ ਦੀ ਲਾਸ਼ ਕਿਥੇ ਹੈ? ਇਸ ਕਤਲ ਪਿੱਛੇ ਕੀ ਮਕਸਦ ਸੀ? ਉਨ੍ਹਾਂ ਨੇ ਇਸ ਇੰਟਰਵਿਊ ਵਿਚ 14 ਸਤੰਬਰ ਨੂੰ ਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਹੋਏ ਹਮਲਿਆਂ ਦਾ ਵੀ ਜ਼ਿਕਰ ਕੀਤਾ। ਯਮਨ ਦੇ ਈਰਾਨ ਹਮਾਇਤੀ ਹੂਤੀ ਬਾਗੀਆਂ ਨੇ ਇਸ ਹਮਲੇ ਦੀ ਜ਼ਿੰਮਵਾਰੀ ਲਈ ਹੈ ਪਰ ਸਾਊਦੀ ਅਰਬ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਪਿੱਛੇ ਈਰਾਨ ਦਾ ਹੱਥ ਸੀ।


Sunny Mehra

Content Editor

Related News