ਸਾਊਦੀ ਅਰਬ : ਆਨਲਾਈਨ ਮਜ਼ਾਕ ਕਰਨ ''ਤੇ ਹੋਵੇਗੀ 5 ਸਾਲ ਦੀ ਸਜ਼ਾ
Wednesday, Sep 05, 2018 - 05:39 PM (IST)
ਰਿਆਦ (ਬਿਊਰੋ)— ਸਾਊਦੀ ਅਰਬ ਵਿਚ ਹੁਣ ਸੋਸ਼ਲ ਮੀਡੀਆ 'ਤੇ ਮਜ਼ਾਕ ਕਰਨਾ ਜਾਂ ਸਰਕਾਰ ਦੀ ਆਲੋਚਨਾ ਕਰਨਾ ਲੋਕਾਂ ਨੂੰ ਮਹਿੰਗਾ ਪੈ ਸਕਦਾ ਹੈ। ਸਾਊਦੀ ਅਰਬ ਦੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਆਨਲਾਈਨ ਮਜ਼ਾਕ ਜ਼ਰੀਏ ਜਨਤਕ ਆਦੇਸ਼ (ਪਬਲਿਕ ਆਰਡਰ) ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕ ਸਜ਼ਾ ਦੇ ਹੱਕਦਾਰ ਹੋਣਗੇ। ਇਸ ਲਈ ਦੋਸ਼ੀ ਨੂੰ ਜੁਰਮਾਨੇ ਦੇ ਨਾਲ-ਨਾਲ 5 ਸਾਲ ਤੱਕ ਦੀ ਸਜ਼ਾ ਵੀ ਹੋਵੇਗੀ।
ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਸੋਸ਼ਲ ਮੀਡੀਆ 'ਤੇ ਅਜਿਹੀ ਸਮੱਗਰੀ ਲਿੱਖਣੀ ਜੋ ਜਨਤਕ ਵਿਵਸਥਾ ਅਤੇ ਧਾਰਮਿਕ ਮੁੱਲਾਂ ਦਾ ਮਜ਼ਾਕ ਉਡਾਉਂਦੀ ਹੈ ਜਾਂ ਉਸ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਲਿਖਣ ਵਾਲੇ ਸ਼ਖਸ ਨੂੰ ਸਾਈਬਰ ਕ੍ਰਾਈਮ ਦਾ ਦੋਸ਼ੀ ਮੰਨਿਆ ਜਾਵੇਗਾ। ਨਾਲ ਹੀ ਇਸ ਅਪਰਾਧ ਲਈ ਦੋਸ਼ੀ ਨੂੰ 5 ਸਾਲ ਦੀ ਸਜ਼ਾ ਭੁਗਤਣੀ ਪਵੇਗੀ ਅਤੇ 800,000 ਡਾਲਰ ਦਾ ਜੁਰਮਾਨਾ ਵੀ ਦੇਣਾ ਪਵੇਗਾ। ਇਸ ਐਲਾਨ ਮਗਰੋਂ ਕਈ ਲੋਕ ਇਸ ਫੈਸਲੇ ਨੂੰ ਪ੍ਰਗਟਾਵੇ ਦੀ ਆਜ਼ਾਦੀ ਲਈ ਖਤਰਾ ਦੱਸ ਰਹੇ ਹਨ। ਸਾਊਦੀ ਕਿੰਗ ਮੁਹੰਮਦ ਬਿਨ ਸੁਲਤਾਨ ਦੇ ਕਈ ਸਮੂਹਾਂ ਅਤੇ ਕਾਰਕੁੰਨਾਂ ਨੂੰ ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਸਿਆਸੀ ਅਸਿਹਮਤੀ ਰੱਖਣ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਵਿਚ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਸਾਊਦੀ ਅਰਬ ਵਿਚ ਕਈ ਲੋਕਾਂ ਨੂੰ ਸੋਸ਼ਲ ਮੀਡੀਆ ਖਾਸ ਕਰ ਕੇ ਟਵਿੱਟਰ 'ਤੇ ਕੀਤੀ ਗਈ ਪੋਸਟ ਨੂੰ ਲੈ ਕੇ ਸਜ਼ਾ ਦਾ ਸਾਹਮਣਾ ਕਰਨਾ ਪਿਆ ਹੈ।
