ਪੰਜਾਬੀ ਲੇਖਕ ਡਾ: ਸਤਿੰਦਰ ਕੌਰ ਔਲ਼ਖ ਦੀ ਮੌਤ ਤੇ ਔਂਜੀ-ਕੀਵੀ ਅਦਬੀ ਕਬੀਲੇ ਵੱਲੋਂ ਦੁੱਖ ਦਾ ਪ੍ਰਗਟਾਵਾ

Tuesday, Sep 15, 2020 - 05:51 PM (IST)

ਪੰਜਾਬੀ ਲੇਖਕ ਡਾ: ਸਤਿੰਦਰ ਕੌਰ ਔਲ਼ਖ ਦੀ ਮੌਤ ਤੇ ਔਂਜੀ-ਕੀਵੀ ਅਦਬੀ ਕਬੀਲੇ ਵੱਲੋਂ ਦੁੱਖ ਦਾ ਪ੍ਰਗਟਾਵਾ

ਬ੍ਰਿਸਬੇਨ (ਸਤਵਿੰਦਰ ਟੀਨੂੰ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅੰਗਰੇਜ਼ੀ ਵਿਭਾਗ ਦੇ ਸਾਬਕਾ ਮੁਖੀ ਅਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਸਹਾਇਕ ਸਕੱਤਰ ਡਾ਼ ਪਰਮਿੰਦਰ ਸਿੰਘ ਦੀ ਧਰਮ ਪਤਨੀ ਡਾ਼ ਸਤਿੰਦਰ ਔਲਖ ਜੀ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਨੂੰ ਬੀਤੇ ਹਫਤੇ ਸੀ.ਐਮ.ਸੀ. ਹਸਪਤਾਲ ਲੁਧਿਆਣਾ ਦਾਖ਼ਲ ਕਰਵਾਇਆ ਗਿਆ ਸੀ।ਉਹ ਬਲੱਡ ਕੈਂਸਰ ਤੋਂ ਪੀੜਤ ਪਾਏ ਗਏ। ਉਹਨਾਂ ਦੇ ਇਲਾਜ ਦੇ ਅਥਾਹ ਯਤਨਾਂ ਦੇ ਬਾਵਜੂਦ ਉਹ ਅੱਜ ਸਦਾ ਲਈ ਵਡੇਰੇ ਪਰਿਵਾਰ ਨੂੰ ਅਲਵਿਦਾ ਆਖ ਗਏ।

ਪ੍ਰੋ. ਸਤਿੰਦਰ ਔਲਖ (ਡਾ਼ ) ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੇਵਾ ਮੁਕਤ ਹੋਏ।ਉਹ ਲੋਕ ਧਾਰਾ ਅਤੇ ਹਿੰਦੋਸਤਾਨੀ ਮਿੱਥਾਂ ਦੇ ਅਧਿਐਨ ਦੇ ਮਾਹਿਰ ਸਨ।ਉਹਨਾਂ ਦੀ ਕਲਮ ਤੋਂ 6 ਕਿਤਾਬਾਂ 'ਪੰਜਾਬੀ ਬਿਰਤਾਂਤ- ਗਾਥਾ ਖਾਹਿਸ਼ ਦੇ ਤਣਾਉ ਦੀ, ਪੰਜਾਬੀ ਲੋਕ ਧਾਰਾ- ਵਿਰਸਾ ਤੇ ਵਰਤਮਾਨ, ਉਤਪਤੀ ਅਤੇ ਵਿਨਾਸ਼ ਦੀਆਂ ਮਿਥ ਕਥਾਵਾਂ, ਮਨੋਵਿਸ਼ਲੇਸ਼ਣ ਅਤੇ ਪੰਜਾਬੀ ਲੋਕ ਧਾਰਾ, ਮਨਮੋਹਨ ਬਾਵਾ ਦਾ ਕਥਾ ਜਗਤ : ਮਿਥ, ਇਤਿਹਾਸ ਤੇ ਵਰਤਮਾਨ' ਅਤੇ ਫਾਸਟ ਹੌਰਸ ਐਂ ਡ ਫੋਰਸੀਅਸ ਰਿਵਰ ਮਿਰਜ਼ਾ ਸਾਹਿਬਾਂ ਦੀ ਗਾਥਾ ਦਾ ਅਧਿਐਨ ਕੀਤਾ ਸੀ। ਉਹਨਾਂ ਦੀ ਸ਼ਮੂਲੀਅਤ ਅਤੇ ਸ਼ੁੱਭ ਇਛਾਵਾਂ ਜਨਤਕ ਲੋਕ ਪੱਖੀ ਲਹਿਰ ਨਾਲ 1970 ਦੇ ਦੌਰ ਤੋਂ ਜੁੜੀਆਂ ਚਲੀਆਂ ਆ ਰਹੀਆਂ ਸਨ।ਉਹਨਾਂ ਨੇ ਹਮੇਸ਼ਾ ਡਾ਼ ਪਰਮਿੰਦਰ ਸਿੰਘ ਹੋਰਾਂ ਦੀਆਂ ਜਮਹੂਰੀ ਸਰਗਰਮੀਆਂ 'ਚ ਸੰਗ ਸਾਥ ਦਿੱਤਾ।ਉਹਨਾਂ ਦਾ ਅੰਤਿਮ ਸੰਸਕਾਰ ਦਿਨ ਸੋਮਵਾਰ 14 ਸਤੰਬਰ ਨੂੰ ਹੋ ਗਿਆ ਸੀ। 

ਡਾ: ਸਤਿੰਦਰ ਔਲਖ਼ ਦੀ ਅਚਾਨਕ ਹੋਈ ਮੌਤ ਤੇ ਆਸਟ੍ਰੇਲੀਆ-ਨਿਊਜੀਲੈਂਡ ਦੀ ਸਾਂਝੀ ਸਿਰਮੌਰ ਸਾਹਿਤਕ ਸੰਸਥਾ ਔਂਜੀ-ਕੀਵੀ ਅਦਬੀ ਕਬੀਲੇ ਵੱਲੋਂ ਨਾਮਵਰ ਸ਼ਾਇਰ ਸਰਬਜੀਤ ਸੋਹੀ ਨੇ ਸਾਂਝੇ ਰੂਪ ‘ਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਦਬੀ ਕਬੀਲੇ ਦੀਆਂ ਸਾਰੀਆਂ ਸੰਸਥਾਵਾਂ ਡਾ: ਪਰਮਿੰਦਰ ਹੁਰਾਂ ਦੇ ਪਰਿਵਾਰ ਅਤੇ ਉਹਨਾ ਦੇ ਚਾਹੁਣ ਵਾਲਿਆਂ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹਨ। ਇਸ ਘਾਟੇ ਨੂੰ ਆਸਟ੍ਰੇਲੀਆ- -ਨਿਊਜੀਲੈਡ ਦੇ ਪੰਜਾਬੀ ਸਾਹਿਤ ਨਾਲ ਜੁੜੇ ਸਾਹਿਤਕਾਰਾਂ ਅਤੇ ਸਮਾਜ ਸੇਵੀਆਂ ਨੇ ਬਹੁਤ ਸਦਮੇ ਵਾਲੀ ਗੱਲ ਦੱਸਦਿਆਂ ਕਿਹਾ ਇਸ ਪਰਿਵਾਰ ਨੇ ਪੰਜਾਬੀ ਸਾਹਿਤ, ਲੋਕ ਲਹਿਰਾਂ ਅਤੇ ਮਾਂ ਬੋਲੀ ਦੇ ਪਾਸਾਰ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਹੈ। 

ਇਸ ਮੌਕੇ ਵੱਖ- -ਵੱਖ ਸ਼ਹਿਰਾਂ ‘ਚ ਵੱਸਦੇ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਸਟਰੇਲੀਆ ਦੇ ਪ੍ਰਧਾਨ ਦਲਵੀਰ ਹਲਵਾਰਵੀ, ਸੈਕਟਰੀ ਸਰਬਜੀਤ ਸੋਹੀ ਬ੍ਰਿਸਬੇਨ ਤੋਂ, ਪੰਜਾਬ ਵਿਰਾਸਤ ਭਵਨ ਆਕਲੈਂਡ ਦੇ ਤੋਂ ਮੁਖਤਿਆਰ  ਸਿੰਘ, ਤਰਨਦੀਪ ਬਿਲਾਸਪੁਰ, ਸਾਹਿਤ ਸੁਮੇਲ ਐਡੀਲੇਡ ਵੱਲੋਂ ਸੁਰਿੰਦਰ ਸਿਦਕ ਅਤੇ ਡਾ: ਮਨਦੀਪ ਬੁੱਟਰ ਢੀਂਡਸਾ, ਪੰਜਾਬੀ ਕੌਂਸਲ ਆਫ਼ ਆਸਟਰੇਲੀਆ ਵੱਲੋਂ ਪ੍ਰਭਜੋਤ ਸਿੰਘ ਸੰਧੂ ਤੇ ਬਲਰਾਜ ਸੰਘਾ,  ਪੰਜਾਬੀ ਸੱਥ ਪਰਥ ਵੱਲੋਂ ਹਰਲਾਲ ਸਿੰਘ, ਪੰਜਾਬੀ ਸੱਥ ਮੈਲਬੌਰਨ ਵੱਲੋਂ ਕੁਲਜੀਤ ਕੌਰ ਗ਼ਜ਼ਲ, ਸਾਹਿਤਕ ਸੱਥ ਮੈਲਬੌਰਨ ਵੱਲੋਂ ਬਿੱਕਰ ਬਾਈ ਅਤੇ ਪੁਸ਼ਪਿੰਦਰ ਕੌਰ, ਅਦਬੀ ਸਾਂਝ ਐਡੀਲੇਡ ਦੀ ਤਰਫ਼ੋਂ ਰਮਨਪ੍ਰੀਤ ਕੌਰ ਅਤੇ ਬਲਜੀਤ ਮਲਹਾਂਸ, ਪੰਜਾਬੀ ਸਾਹਿਤਕ ਫੋਰਮ ਸਿਡਨੀ ਦੇ ਸਪੋਕਸਮੈਨ ਡਾ: ਦਵਿੰਦਰ ਜੀਤਲਾ, ਪ੍ਰਧਾਨ ਮਨਜਿੰਦਰ ਸਿੰਘ, ਸਾਹਿਤਕ ਸੱਥ ਨਿਊਜੀਲੈਂਡ ਦੇ ਪ੍ਰਧਾਨ ਜੱਗੀ ਜੌਹਲ, ਸਕੱਤਰ ਕਰਮਜੀਤ ਅਕਲੀਆ ਅਤੇ ਬਿਕਰਮਜੀਤ ਮੱਟਰਾਂ ਆਦਿ ਨਾਮਵਰ ਹਸਤੀਆਂ ਨੇ ਸਾਂਝੇ ਰੂਪ ਵਿੱਚ ਦੁੱਖ ਦਾ ਪ੍ਰਗਟਾਵਾ ਕਰਦਿਆਂ ਡਾ: ਸਤਿੰਦਰ ਔਲਖ਼ ਜੀ ਦੀ ਸਾਹਿਤਕ ਅਤੇ ਅਧਿਆਪਨ ਦੇ ਖੇਤਰ ਵਿੱਚ ਦੇਣ ਨੂੰ ਯਾਦ ਕੀਤਾ ਅਤੇ ਉਹਨਾਂ ਦੇ ਅਗਾਂਹਵਧੂ ਕਾਰਜਾਂ ਨੂੰ ਜਾਰੀ ਰੱਖੇ ਜਾਣ ਦਾ ਅਹਿਦ ਲਿਆ।


author

Vandana

Content Editor

Related News