ਖ਼ੈਬਰ ਪਖਤੂਨਖਵਾ ਸੂਬੇ ’ਚ ਐਮਰਜੈਂਸੀ ਲਾਗੂ ਕਰਨ ਦੇ ਫ਼ੈਸਲੇ ਨੂੰ ਅਦਾਲਤ ’ਚ ਚੁਣੌਤੀ

Tuesday, Oct 13, 2026 - 03:56 PM (IST)

ਖ਼ੈਬਰ ਪਖਤੂਨਖਵਾ ਸੂਬੇ ’ਚ ਐਮਰਜੈਂਸੀ ਲਾਗੂ ਕਰਨ ਦੇ ਫ਼ੈਸਲੇ ਨੂੰ ਅਦਾਲਤ ’ਚ ਚੁਣੌਤੀ

ਪਿਸ਼ਾਵਰ (ਏਜੰਸੀ)- ਪਾਕਿਸਤਾਨ ਦੇ ਉੱਤਰ-ਪੱਛਮੀ ਖ਼ੈਬਰ ਪਖਤੂਨਖਵਾ ਸੂਬੇ ’ਚ ਐਮਰਜੈਂਸੀ ਅਤੇ ਗਵਰਨਰ ਰਾਜ ਲਾਗੂ ਕੀਤੇ ਜਾਣ ਦੇ ਇਕ ਦਿਨ ਬਾਅਦ ਸੋਮਵਾਰ ਨੂੰ ਪਿਸ਼ਾਵਰ ਹਾਈ ਕੋਰਟ ਵਿਚ ਸਬੰਧਿਤ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕੀਤੀ ਗਈ। ਐਡਵੋਕੇਟ ਸਲਮਾਨ ਵੱਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ਵਿਚ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਖ਼ੈਬਰ ਪਖਤੂਨਖਵਾ ਦੇ ਰਾਜਪਾਲ ਫ਼ੈਸਲ ਕਰੀਮ ਕੁੰਡੀ ਨੂੰ ਜਵਾਬਦੇਹ ਬਣਾਇਆ ਗਿਆ ਹੈ। ਪਟੀਸ਼ਨਕਰਤਾ ਨੇ ਦਲੀਲ ਦਿੱਤੀ ਕਿ ਸੂਬੇ ਵਿਚ ਐਮਰਜੈਂਸੀ ਅਤੇ ਗਵਰਨਰ ਰਾਜ ਲਾਗੂ ਕੀਤਾ ਜਾਣਾ ‘‘ਗ਼ੈਰ-ਕਾਨੂੰਨੀ, ਗ਼ੈਰ-ਸੰਵਿਧਾਨਕ ਅਤੇ ਮਾੜੇ ਇਰਾਦੇ ਨਾਲ ਪ੍ਰੇਰਿਤ’’ ਹੈ।

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਹ ਉਪਾਅ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਨਾਲ ਹੀ ਲੋਕਤੰਤਰੀ ਫ਼ਤਵੇ ਨੂੰ ਦਰਕਿਨਾਰ ਕਰਦਾ ਹੈ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਖ਼ੈਬਰ ਪਖਤੂਨਖਵਾ ਸੂਬੇ ਵਿਚ ਵਧਦੇ ਅੱਤਵਾਦੀ ਹਮਲਿਆਂ, ਸੰਵਿਧਾਨਕ ਵਿਵਸਥਾ ਦੇ ਠੱਪ ਹੋਣ ਅਤੇ ਕਾਨੂੰਨ-ਵਿਵਸਥਾ ਦੀ ਵਿਗੜਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਉੱਥੇ ਪਾਕਿਸਤਾਨੀ ਸੰਵਿਧਾਨ ਦੀ ਧਾਰਾ 232(1) ਅਤੇ 234(1) ਤਹਿਤ ਐਮਰਜੈਂਸੀ ਲਾਗੂ ਕਰਨ ਦਾ ਐਤਵਾਰ ਨੂੰ ਐਲਾਨ ਕੀਤਾ। ਵਿਰੋਧੀ ਧਿਰ ਦੇ ਕਈ ਨੇਤਾਵਾਂ ਨੇ ਵੀ ਖ਼ੈਬਰ ਪਖਤੂਨਖਵਾ ਵਿਚ ਗਵਰਨਰ ਰਾਜ ਅਤੇ ਐਮਰਜੈਂਸੀ ਲਾਗੂ ਕੀਤੇ ਜਾਣ ਦੇ ਫ਼ੈਸਲੇ ਖ਼ਿਲਾਫ਼ ਅਦਾਲਤ ਦਾ ਰੁਖ ਕਰਨ ਦਾ ਫ਼ੈਸਲਾ ਕੀਤਾ ਹੈ।

ਕੇ. ਪੀ. ਕੇ. ਦੇ ਸਾਬਕਾ ਮੁੱਖ ਮੰਤਰੀ ਹਿਰਾਸਤ ’ਚ

ਖ਼ੈਬਰ ਪਖਤੂਨਖਵਾ (ਕੇ. ਪੀ. ਕੇ.) ਵਿਚ ਪੁਲਸ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਸੱਤ ਹੋਰ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਐਤਵਾਰ ਨੂੰ ਉੱਤਰ-ਪੱਛਮੀ ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਵਿਗੜਦੀ ਸਥਿਤੀ ਦੇ ਕਾਰਨ ਐਮਰਜੈਂਸੀ ਲਾਗੂ ਕੀਤੇ ਜਾਣ ਦੇ ਤੁਰੰਤ ਬਾਅਦ ਅਫ਼ਰੀਦੀ ਅਤੇ ਹੋਰ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਸ ਦੇ ਨਾਲ ਹੀ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪੀ. ਟੀ. ਆਈ. ਦੀ ਅਗਵਾਈ ਵਾਲੀ ਸੂਬਾਈ ਸਰਕਾਰ ਦਾ ਅੰਤ ਹੋ ਗਿਆ। ਐਮਰਜੈਂਸੀ ਉਸ ਸਮੇਂ ਲਾਗੂ ਕੀਤੀ ਗਈ, ਜਦੋਂ ਪੀ. ਟੀ. ਆਈ. ਅਫ਼ਰੀਦੀ ਦੀ ਅਗਵਾਈ ਵਿਚ ਵਿਰੋਧ ਮਾਰਚ ਕੱਢ ਰਹੀ ਸੀ।


author

cherry

Content Editor

Related News