ਬਲੂਚਿਸਤਾਨ ''ਚ ਪਾਕਿਸਤਾਨੀ ਫੌਜ ਦੀ ਵੱਡੀ ਕਾਰਵਾਈ, 5 ਅੱਤਵਾਦੀ ਢੇਰ
Wednesday, Oct 14, 2026 - 10:01 PM (IST)
ਇਸਲਾਮਾਬਾਦ : ਪਾਕਿਸਤਾਨੀ ਫੌਜ ਵੱਲੋਂ ਬਲੂਚਿਸਤਾਨ ਦੇ ਵਾਸ਼ੁਕ ਜ਼ਿਲ੍ਹੇ ਵਿੱਚ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ ਇੱਕ ਵੱਡੀ ਫੌਜੀ ਕਾਰਵਾਈ ਦੌਰਾਨ 5 ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਹੈ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ 'ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼' (ISPR) ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਸ ਆਪ੍ਰੇਸ਼ਨ ਵਿੱਚ ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ।
ਫੌਜੀ ਕਾਰਵਾਈ ਦੌਰਾਨ 4 ਅੱਤਵਾਦੀ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਫੌਜ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਛਾਪੇਮਾਰੀ ਦੌਰਾਨ ਫੌਜ ਨੇ ਅੱਤਵਾਦੀਆਂ ਦੇ ਟਿਕਾਣੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਮੌਕੇ ਤੋਂ ਆਧੁਨਿਕ ਹਥਿਆਰ, ਗੋਲਾ-ਬਾਰੂਦ ਅਤੇ ਕਈ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ।
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਫੌਜ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਲੂਚਿਸਤਾਨ ਵਿੱਚ ਅਮਨ-ਸ਼ਾਂਤੀ ਅਤੇ ਸੁਰੱਖਿਆ ਬਣਾਏ ਰੱਖਣ ਲਈ ਅਜਿਹੇ ਫੌਜੀ ਆਪ੍ਰੇਸ਼ਨ ਜਾਰੀ ਰਹਿਣਗੇ, ਤਾਂ ਜੋ ਸੂਬੇ ਵਿੱਚੋਂ ਅੱਤਵਾਦ ਦਾ ਮੁਕੰਮਲ ਖ਼ਾਤਮਾ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਬਲੂਚਿਸਤਾਨ ਪਾਕਿਸਤਾਨ ਵਿੱਚ ਅੱਤਵਾਦ ਤੋਂ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ। ਸਥਾਨਕ ਬਲੂਚ ਵਸੋਂ ਵੱਲੋਂ ਪਾਕਿਸਤਾਨੀ ਸਰਕਾਰ 'ਤੇ ਅਣਦੇਖੀ ਅਤੇ ਫੌਜ 'ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਦੋਸ਼ ਲਗਾਏ ਜਾਂਦੇ ਰਹੇ ਹਨ। ਖੇਤਰ ਵਿੱਚ ਕਈ ਅੱਤਵਾਦੀ ਸੰਗਠਨ ਸਰਕਾਰ ਅਤੇ ਫੌਜ ਖ਼ਿਲਾਫ਼ ਸਰਗਰਮ ਹਨ।
