ਪਾਕਿਸਤਾਨ ''ਚ ਘੱਟ-ਗਿਣਤੀ ਲੜਕੀਆਂ ਦੇ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ''ਤੇ UN ਨੇ ਪ੍ਰਗਟਾਈ ਚਿੰਤਾ

Tuesday, Oct 06, 2026 - 04:06 PM (IST)

ਪਾਕਿਸਤਾਨ ''ਚ ਘੱਟ-ਗਿਣਤੀ ਲੜਕੀਆਂ ਦੇ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ''ਤੇ UN ਨੇ ਪ੍ਰਗਟਾਈ ਚਿੰਤਾ

ਇੰਟਰਨੈਸ਼ਨਲ ਡੈਸਕ- ਸੰਯੁਕਤ ਰਾਸ਼ਟਰ ਦੇ ਤਿੰਨ ਵਿਸ਼ੇਸ਼ ਰਿਪੋਰਟਰਾਂ ਨੇ ਪਾਕਿਸਤਾਨ ਸਰਕਾਰ ਨੂੰ ਘੱਟ-ਗਿਣਤੀ ਈਸਾਈ ਲੜਕੀਆਂ ਦੇ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਬਾਲ ਵਿਆਹਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਜੀਨੇਵਾ ਵਿੱਚ ਸੰਯੁਕਤ ਰਾਸ਼ਟਰ ਮਾਨਵ ਅਧਿਕਾਰ ਪਰਿਸ਼ਦ (UNHRC) ਦੇ ਇੱਕ ਸਮਾਗਮ ਦੌਰਾਨ ਮਾਹਰਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਅਦਾਲਤਾਂ ਅਤੇ ਪੁਲਿਸ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਨਹੀਂ ਕਰਦੀਆਂ, ਉਦੋਂ ਤੱਕ ਨਵੇਂ ਕਾਨੂੰਨ ਬਣਾਉਣ ਦਾ ਕੋਈ ਅਸਰ ਨਹੀਂ ਹੋਵੇਗਾ।

'ਜੂਬਲੀ ਕੈਂਪੇਨ' ਅਤੇ 'ਯੂਰਪੀਅਨ ਸੈਂਟਰ ਫਾਰ ਲਾਅ ਐਂਡ ਜਸਟਿਸ' (ECLJ) ਦੁਆਰਾ ਆਯੋਜਿਤ ਇਸ ਸਮਾਗਮ ਵਿੱਚ ਅਗਵਾ ਹੋਈਆਂ ਈਸਾਈ ਲੜਕੀਆਂ ਦੇ ਪਰਿਵਾਰਾਂ ਦੀਆਂ ਦਰਦਨਾਕ ਕਹਾਣੀਆਂ ਸਾਂਝੀਆਂ ਕੀਤੀਆਂ ਗਈਆਂ। ਇਨ੍ਹਾਂ ਵਿੱਚ ਜੁਲਾਈ 2025 ਵਿੱਚ ਅਗਵਾ ਹੋਈ 13 ਸਾਲਾ ਈਸਾਈ ਲੜਕੀ ਮਾਰੀਆ ਸ਼ਹਬਾਜ਼ ਦਾ ਮਾਮਲਾ ਪ੍ਰਮੁੱਖਤਾ ਨਾਲ ਚੁੱਕਿਆ ਗਿਆ, ਜਿਸ ਨੂੰ 30 ਸਾਲਾ ਸ਼ਹਿਰੀਆਰ ਅਹਿਮਦ ਦੁਆਰਾ ਅਗਵਾ ਕਰਕੇ ਜ਼ਬਰਦਸਤੀ ਵਿਆਹ ਕਰਵਾਇਆ ਗਿਆ ਸੀ। ਮਾਰੀਆ ਦੇ ਪਿਤਾ ਸ਼ਹਬਾਜ਼ ਮਸੀਹ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਨਸਾਫ਼ ਲਈ ਅਦਾਲਤਾਂ ਦੇ ਚੱਕਰ ਕੱਢ ਰਿਹਾ ਹੈ, ਪਰ ਅਜੇ ਤੱਕ ਕੋਈ ਮਦਦ ਨਹੀਂ ਮਿਲੀ।

ਪੜ੍ਹੋ ਇਹ ਅਹਿਮ ਖ਼ਬਰ - UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ 

ਸੰਯੁਕਤ ਰਾਸ਼ਟਰ ਦੇ ਘੱਟ-ਗਿਣਤੀ ਮਾਮਲਿਆਂ ਦੇ ਵਿਸ਼ੇਸ਼ ਰਿਪੋਰਟਰ ਪ੍ਰੋਫ਼ੈਸਰ ਨਿਕੋਲਸ ਲੇਵਰਾਟ ਨੇ ਕਿਹਾ ਕਿ ਪਾਕਿਸਤਾਨ ਵਿੱਚ ਘੱਟ-ਗਿਣਤੀਆਂ ਵਿਰੁੱਧ ਸੰਸਥਾਗਤ ਅਤੇ ਸਮਾਜਿਕ ਪੱਖਪਾਤ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਵਲ ਨਵੇਂ ਕਾਨੂੰਨ ਬਣਾਉਣ ਨਾਲ ਜ਼ਬਰਦਸਤੀ ਧਰਮ ਪਰਿਵਰਤਨ ਦੀ ਸਮੱਸਿਆ ਹੱਲ ਨਹੀਂ ਹੋਵੇਗੀ, ਬਲਕਿ ਪੁਲਿਸ ਅਤੇ ਜੱਜਾਂ ਨੂੰ ਜਾਗਰੂਕ ਕਰਨ ਅਤੇ ਘੱਟ-ਗਿਣਤੀਆਂ ਲਈ ਇਨਸਾਫ਼ ਦੀ ਪਹੁੰਚ ਸੁਖਾਲੀ ਕਰਨ ਦੀ ਲੋੜ ਹੈ। ਸੰਯੁਕਤ ਰਾਸ਼ਟਰ ਦੀਆਂ ਹੋਰ ਮਾਹਰਾਂ ਰੀਮ ਅਲਸਾਲਮ ਅਤੇ ਡਾ. ਕਤਾਰੀਨਾ ਸ਼ਵਾਰਜ਼ ਨੇ ਦੱਸਿਆ ਕਿ ਬਾਲ ਵਿਆਹ ਗੁਲਾਮੀ ਦੀ ਇੱਕ ਕਿਸਮ ਹੈ। ਉਨ੍ਹਾਂ ਪੰਜਾਬ ਸੂਬੇ ਦੇ 'ਚਾਈਲਡ ਮੈਰਿਜ ਰਿਸਟ੍ਰੇਂਟ ਐਕਟ 2026' ਦਾ ਜ਼ਿਕਰ ਕੀਤਾ, ਜਿਸ ਵਿੱਚ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਕੀਤੀ ਗਈ ਹੈ। ਪਰ ਉਨ੍ਹਾਂ ਚਿੰਤਾ ਜਤਾਈ ਕਿ ਇਸ ਕਾਨੂੰਨ ਦੀ ਪਾਲਣਾ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਅਤੇ ਪੀੜਤ ਪਰਿਵਾਰਾਂ 'ਤੇ ਕੇਸ ਵਾਪਸ ਲੈਣ ਲਈ ਭਾਰੀ ਦਬਾਅ ਪਾਇਆ ਜਾਂਦਾ ਹੈ।

ਸਮਾਗਮ ਦੌਰਾਨ ਈ.ਸੀ.ਐੱਲ.ਜੇ. ਦੇ ਅਧਿਕਾਰੀ ਕ੍ਰਿਸਟੋਫ ਫੋਲਟਜ਼ਨਲੋਗਲ ਅਤੇ ਜੂਬਲੀ ਕੈਂਪੇਨ ਦੇ ਜੋਸਫ ਜੈਨਸਨ ਨੇ ਪ੍ਰਸ਼ਾਸਨ ਦੇ ਰਵੱਈਏ 'ਤੇ ਸਵਾਲ ਚੁੱਕੇ। ਉਨ੍ਹਾਂ 16 ਸਾਲ ਦੀ ਉਮਰ ਵਿੱਚ ਈਸ਼-ਨਿੰਦਾ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਸ਼ਹਿਜ਼ਾਦ ਮਸੀਹ ਦਾ ਜ਼ਿਕਰ ਕੀਤਾ, ਜਿਸ ਨੂੰ ਬਾਲਗ ਵਜੋਂ ਕੇਸ ਚਲਾ ਕੇ ਫਾਂਸੀ ਦੀ ਸਜ਼ਾ ਸੁਣਾਈ ਗਈ। ਮਾਹਰਾਂ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਅਗਵਾ ਹੋਈਆਂ ਬੱਚੀਆਂ ਨੂੰ ਤੁਰੰਤ ਉਨ੍ਹਾਂ ਦੇ ਅਗਵਾਕਾਰਾਂ ਤੋਂ ਮੁਕਤ ਕਰਵਾ ਕੇ ਸਰਕਾਰੀ ਸੁਰੱਖਿਆ ਵਿੱਚ ਲਿਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News