ਅਮਰੀਕਾ ਵੱਲੋਂ ਗਲੋਬਲ ਅੱਤਵਾਦੀ ਐਲਾਨੇ ਲਸ਼ਕਰ ਆਗੂ ਮੁਹੰਮਦ ਸਰਵਰ ਦੀ ਲਾਹੌਰ ''ਚ ਮੌਤ
Monday, Oct 19, 2026 - 12:29 AM (IST)
ਲਾਹੌਰ : ਅਮਰੀਕੀ ਵਿੱਤ ਵਿਭਾਗ ਵੱਲੋਂ ਗਲੋਬਲ ਅੱਤਵਾਦੀ ਐਲਾਨੇ ਗਏ ਮੁਹੰਮਦ ਸਰਵਰ ਦੀ ਐਤਵਾਰ ਨੂੰ ਲਾਹੌਰ ਵਿੱਚ ਮੌਤ ਹੋ ਗਈ। ਉਹ ਨਮਾਜ਼ ਅਦਾ ਕਰਨ ਲਈ ਆਪਣੇ ਘਰ ਤੋਂ ਮਸਜਿਦ ਜਾ ਰਿਹਾ ਸੀ, ਜਦੋਂ ਰਸਤੇ ਵਿੱਚ ਅਚਾਨਕ ਡਿੱਗਣ ਕਾਰਨ ਉਸ ਦੀ ਜਾਨ ਚਲੀ ਗਈ। ਸਰਵਰ ਦੀ ਮੌਤ ਦੀ ਪੁਸ਼ਟੀ ਉਸ ਦੀ ਜਥੇਬੰਦੀ 'ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ' (PMML) ਦੇ ਬੁਲਾਰੇ ਵੱਲੋਂ ਕੀਤੀ ਗਈ ਹੈ, ਜਿਸ ਦੀ ਪੰਜਾਬ ਇਕਾਈ ਦਾ ਉਹ ਪ੍ਰਧਾਨ ਸੀ।
ਹਾਲਾਂਕਿ ਪੀ.ਐੱਮ.ਐੱਮ.ਐੱਲ. ਨੇ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਪਾਕਿਸਤਾਨੀ ਟੀਵੀ ਚੈਨਲ '24 ਨਿਊਜ਼ ਐੱਚ.ਡੀ.' ਅਨੁਸਾਰ ਸਰਵਰ ਦੀ ਮੌਤ ਪੌੜੀਆਂ ਤੋਂ ਡਿੱਗਣ ਤੋਂ ਬਾਅਦ ਸਿਰ 'ਚ ਲੱਗੀ ਗੰਭੀਰ ਸੱਟ ਕਾਰਨ ਹੋਈ ਹੈ। ਦੱਸਣਯੋਗ ਹੈ ਕਿ ਪੀ.ਐੱਮ.ਐੱਮ.ਐੱਲ. ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਹਾਫ਼ਿਜ਼ ਸਈਦ ਦੀ ਸੰਸਥਾ 'ਜਮਾਤ-ਉਦ-ਦਾਵਾ' (JuD) ਦਾ ਸਿਆਸੀ ਖੰਭ (ਪੋਲੀਟੀਕਲ ਵਿੰਗ) ਹੈ। ਸਰਵਰ ਦਾ ਅੰਤਿਮ ਸੰਸਕਾਰ ਲਾਹੌਰ ਦੇ ਚੁਬੁਰਜੀ ਇਲਾਕੇ ਸਥਿਤ ਜਮਾਤ-ਉਦ-ਦਾਵਾ ਦੇ ਮੁੱਖ ਦਫ਼ਤਰ 'ਜਾਮੀਆ ਅਲ-ਕਾਦਸੀਆ' ਵਿਖੇ ਕੀਤਾ ਗਿਆ।
ਅਮਰੀਕੀ ਵਿੱਤ ਵਿਭਾਗ ਦੇ 'ਆਫਿਸ ਆਫ਼ ਫੌਰਨ ਐਸੇਟਸ ਕੰਟਰੋਲ' (OFAC) ਨੇ ਸਾਲ 2016 ਵਿੱਚ ਮੁਹੰਮਦ ਸਰਵਰ ਅਤੇ ਲਸ਼ਕਰ-ਏ-ਤੋਇਬਾ (LeT) ਦੇ ਇੱਕ ਹੋਰ ਸੀਨੀਅਰ ਆਗੂ ਸ਼ਾਹਿਦ ਮਹਿਮੂਦ ਨੂੰ 'ਵਿਸ਼ੇਸ਼ ਤੌਰ 'ਤੇ ਨਾਮਜ਼ਦ ਗਲੋਬਲ ਅੱਤਵਾਦੀ' (SDGT) ਐਲਾਨਿਆ ਸੀ। ਇਸ ਕਾਰਵਾਈ ਦਾ ਮੁੱਖ ਮਨੋਰਥ ਲਸ਼ਕਰ-ਏ-ਤੋਇਬਾ ਦੇ ਫੰਡ ਉਗਾਹੁਣ ਅਤੇ ਵਿੱਤੀ ਮਦਦ ਜੁਟਾਉਣ ਵਾਲੇ ਨੈੱਟਵਰਕ ਨੂੰ ਠੱਲ੍ਹ ਪਾਉਣਾ ਸੀ। ਇਸ ਦੇ ਨਾਲ ਹੀ ਅਮਰੀਕੀ ਅਧਿਕਾਰ ਖੇਤਰ ਹੇਠ ਆਉਂਦੀ ਉਨ੍ਹਾਂ ਦੀ ਸਾਰੀ ਸੰਪਤੀ ਬਲਾਕ ਕਰ ਦਿੱਤੀ ਗਈ ਸੀ।
ਅਮਰੀਕੀ ਵਿੱਤ ਵਿਭਾਗ ਅਨੁਸਾਰ ਸਰਵਰ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਲਾਹੌਰ ਵਿੱਚ ਲਸ਼ਕਰ-ਏ-ਤੋਇਬਾ ਦਾ ਸੀਨੀਅਰ ਅਹੁਦੇਦਾਰ ਸੀ ਅਤੇ ਜਨਵਰੀ 2015 ਤੋਂ ਲਸ਼ਕਰ ਦੀ ਲਾਹੌਰ ਇਕਾਈ ਦੀ ਅਗਵਾਈ ਕਰ ਰਿਹਾ ਸੀ। ਦੂਜੇ ਪਾਸੇ, ਜਮਾਤ-ਉਦ-ਦਾਵਾ ਦਾ ਸਰਗਨਾ ਹਾਫ਼ਿਜ਼ ਸਈਦ ਅੱਤਵਾਦ ਵਿੱਤ ਪੋਸ਼ਣ (ਟੈਰਰ ਫੰਡਿੰਗ) ਦੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਾਲ 2019 ਤੋਂ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹੈ।
