ਮਸ਼ਹੂਰ ਲੇਖਕ ਸਲਮਾਨ ਰਸ਼ਦੀ ਦੀ ਇਕ ਅੱਖ ਦੀ ਰੌਸ਼ਨੀ ਗਈ, ਹੱਥ ਨੇ ਵੀ ਕੰਮ ਕਰਨਾ ਕੀਤਾ ਬੰਦ
Tuesday, Oct 25, 2022 - 12:04 PM (IST)
ਨਿਊਯਾਰਕ (ਬਿਊਰੋ) – 12 ਅਗਸਤ ਨੂੰ ਇਕ ਹਮਲੇ ਦੌਰਾਨ ਜ਼ਖ਼ਮੀ ਹੋਏ ਮਸ਼ਹੂਰ ਲੇਖਕ ਸਲਮਾਨ ਰਸ਼ਦੀ ਦੀ ਇਕ ਅੱਖ ਦੀ ਰੌਸ਼ਨੀ ਚਲੀ ਗਈ ਹੈ ਤੇ ਉਨ੍ਹਾਂ ਦੇ ਇਕ ਹੱਥ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਸਲਮਾਨ ਰਸ਼ਦੀ ਦੇ ਏਜੰਟ ਨੇ ਦਿੱਤੀ ਹੈ।
ਅਸਲ ’ਚ ਇਸ ਹਮਲੇ ਤੋਂ ਬਾਅਦ ਲੇਖਕ ਨੂੰ ਉੱਤਰ-ਪੱਛਮੀ ਪੇਨਸਿਲਵੇਨੀਆ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਮੀਡੀਆ ਰਿਪੋਰਟ ਮੁਤਾਬਕ ਹਮਲੇ ’ਚ ਉਨ੍ਹਾਂ ਦੇ ਲੀਵਰ, ਅੱਖ ਤੇ ਇਕ ਹੱਥ ਦੀ ਨੱਸ ’ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਕੀਤੀ ਗਈ ਸੀ।
ਰਸ਼ਦੀ ਦੇ ਏਜੰਟ ਨੇ ਇਕ ਸਪੈਨਿਸ਼ ਅਖ਼ਬਾਰ ਨੂੰ ਇੰਟਰਵਿਊ ਦੌਰਾਨ ਦੱਸਿਆ, ‘‘ਇਹ ਇਕ ਬੇਹੱਦ ਹੀ ਭਿਆਨਕ ਹਮਲਾ ਸੀ। ਹਮਲੇ ’ਚ ਜ਼ਖ਼ਮੀ ਹੋਏ ਰਸ਼ਦੀ ਦੇ ਜ਼ਖ਼ਮ ਬਹੁਤ ਡੂੰਘੇ ਸਨ। ਉਨ੍ਹਾਂ ਦੇ ਗਲੇ ’ਚ ਕਾਫੀ ਗੰਭੀਰ ਤਿੰਨ ਜ਼ਖ਼ਮ ਸਨ, ਜਿਸ ਦੇ ਚਲਦਿਆਂ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਤੇ ਉਨ੍ਹਾਂ ਦੇ ਇਕ ਹੱਥ ਦੀ ਨੱਸ ਵੀ ਕੱਟੀ ਗਈ। ਇਸ ਕਾਰਨ ਉਨ੍ਹਾਂ ਦੇ ਹੱਥ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਛਾਤੀ ਤੇ ਪੂਰੇ ਸਰੀਰ ’ਤੇ ਲਗਭਗ 15 ਜ਼ਖ਼ਮ ਸਨ।’’
ਹਾਲਾਂਕਿ ਏਜੰਟ ਨੇ ਇਸ ਗੱਲ ਨੂੰ ਸਾਫ ਨਹੀਂ ਕੀਤਾ ਹੈ ਕਿ ਰਸ਼ਦੀ ਹਸਪਤਾਲ ’ਚ ਅਜੇ ਕਿੰਨੇ ਠੀਕ ਹੋਏ ਹਨ ਪਰ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਰਸ਼ਦੀ ਬਚ ਜਾਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।