ਰੂਸੀ ਸਰਹੱਦ ’ਤੇ ਨਾਟੋ ਨੇ ਫੌਜੀ ਜਮਾਵੜਾ ਵਧਾਇਆ

Tuesday, Sep 22, 2026 - 02:38 AM (IST)

ਰੂਸੀ ਸਰਹੱਦ ’ਤੇ ਨਾਟੋ ਨੇ ਫੌਜੀ ਜਮਾਵੜਾ ਵਧਾਇਆ

ਰੀਗਾ - ਰੂਸੀ ਸਰਹੱਦ ਨੇੜੇ ਨਾਟੋ ਨੇ ਆਪਣੀ ਫੌਜੀ ਮੌਜੂਦਗੀ ਨੂੰ ਸਤੰਬਰ ਵਿਚ ਤੇਜ਼ੀ ਨਾਲ ਵਧਾਇਆ ਹੈ। ਉਸ ਨੇ ਉੱਤਰ-ਪੂਰਬੀ ਮੋਰਚੇ ’ਤੇ ਬਹੁ-ਰਾਸ਼ਟਰੀ ਬਟਾਲੀਅਨ ਤਾਇਨਾਤ ਕਰ ਦਿੱਤੀ ਹੈ ਅਤੇ ਫਰੰਟ ਲਾਈਨ ਵਿਚ ਫੌਜੀਆਂ ਦੀ ਗਿਣਤੀ ਨੂੰ ਕਾਫ਼ੀ ਵਧਾ ਦਿੱਤਾ ਹੈ।

ਨਾਟੋ ਨੇ ਲਾਤਵੀਆ ਵਿਚ ਤਾਇਨਾਤ ਆਪਣੇ ਮਲਟੀਨੈਸ਼ਨਲ ਬੈਟਲ ਗਰੁੱਪ ਦਾ ਵਿਸਥਾਰ ਕਰ ਕੇ ਉਸ ਨੂੰ ਨਾਟੋ ਮਲਟੀਨੈਸ਼ਨਲ ਬ੍ਰਿਗੇਡ ਲਾਤਵੀਆ ਦੇ ਰੂਪ ਵਿਚ ਅੱਪਗ੍ਰੇਡ ਕੀਤਾ ਹੈ। ਇਸ ਬ੍ਰਿਗੇਡ ਨੇ ਆਪਣੀ ਪੂਰੀ ਜੰਗੀ ਤਿਆਰੀ ਹਾਸਲ ਕਰ ਲਈ ਹੈ। ਇਸ ਨਵੀਂ ਬ੍ਰਿਗੇਡ ਵਿਚ 3500 ਤੋਂ ਵੱਧ ਫੌਜੀ ਸ਼ਾਮਲ ਹਨ। ਇਸ ਫੌਜੀ ਟੁਕੜੀ ਦੀ ਅਗਵਾਈ ਕੈਨੇਡਾ ਕਰ ਰਿਹਾ ਹੈ ਅਤੇ ਉਸ ਦੇ ਆਪਣੇ 2200 ਫੌਜੀ ਇਸ ਵਿਚ ਤਾਇਨਾਤ ਹਨ। ਇੱਥੇ ਕੁੱਲ 14 ਦੇਸ਼ਾਂ ਦੇ ਫੌਜੀ ਆਧੁਨਿਕ ਹਥਿਆਰਾਂ ਨਾਲ ਡਟੇ ਹੋਏ ਹਨ। ਹਾਲ ਹੀ ਵਿਚ ਲਾਤਵੀਆਈ ਹਵਾਈ ਖੇਤਰ ਵਿਚ ਰੂਸੀ ਡਰੋਨਾਂ ਦੀ ਘੁਸਪੈਠ ਤੋਂ ਬਾਅਦ ਜਰਮਨੀ ਨੇ ਵੀ ਇੱਥੇ ਆਪਣੇ ਚਾਰ ਯੂਰੋਫਾਈਟਰ ਜੈੱਟ ਅਤੇ ਵਾਧੂ ਫੌਜੀ ਤਾਇਨਾਤ ਕੀਤੇ ਹਨ।

12 ਹਜ਼ਾਰ ਫੌਜੀ ਕਰਨਗੇ ਜੰਗੀ ਅਭਿਆਸ
ਰੂਸੀ ਸਰਹੱਦ ਨੇੜੇ ਲਾਤਵੀਆ ਦੇ ਪੂਰਬੀ ਖੇਤਰ ਡੌਗਾਵਪਿਲਸ ਵਿਚ ਨਾਟੋ ਫੌਜੀਆਂ ਦੀ ਮੌਜੂਦਗੀ ਨੂੰ ਸਥਾਈ ਕਰ ਦਿੱਤਾ ਗਿਆ ਹੈ। ਉੱਥੇ ਲਾਤਵੀਆਈ ਫੌਜ ਅਤੇ ਨਾਟੋ ਦੇਸ਼ ਮਿਲ ਕੇ ਨਾਮੇਜਸ-2026 ਨਾਂ ਤੋਂ ਜੰਗੀ ਅਭਿਆਸ ਕਰ ਰਹੇ ਹਨ, ਜਿਸ ਵਿਚ 12 ਹਜ਼ਾਰ ਤੋਂ ਵੱਧ ਫੌਜੀ ਹਿੱਸਾ ਲੈ ਰਹੇ ਹਨ। ਇਹ ਅਭਿਆਸ ਅਕਤੂਬਰ ਤੱਕ ਚੱਲੇਗਾ।

ਪੂਰਬੀ ਮੋਰਚੇ ’ਤੇ ਇਨ੍ਹਾਂ ਦੇਸ਼ਾਂ ਵਿਚ ਨਾਟੋ ਨੇ ਸਤੰਬਰ ’ਚ ਵਧਾਈ ਤਾਇਨਾਤੀ

ਫਿਨਲੈਂਡ ਵਿਚ ਐੱਫ-35
ਇਹ ਰੂਸ ਨਾਲ ਲੱਗਦੀ ਨਾਟੋ ਦੀ ਸਭ ਤੋਂ ਲੰਬੀ ਸਰਹੱਦ ਹੈ। ਇਸ ਨੂੰ ਮਜ਼ਬੂਤ ਕਰਨ ਲਈ ਐੱਫ-35 ਸਟੀਲਥ ਫਾਈਟਰ ਜੈੱਟਸ ਦੀ ਪਹਿਲੀ ਖੇਪ ਤਾਇਨਾਤ ਕੀਤੀ ਜਾ ਰਹੀ ਹੈ। ਫਿਨਲੈਂਡ ਨੇ 14 ਸਤੰਬਰ ਨੂੰ ਫਰਾਂਸ ਦੇ ਫਾਰਵਰਡ ਡਿਟਰੈਂਸ ਪ੍ਰਮਾਣੂ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਪੋਲੈਂਡ ਹਾਈ ਅਲਰਟ ’ਤੇ
ਇਸ ਦੀ ਸਰਹੱਦ ਯੂਕ੍ਰੇਨ ਅਤੇ ਬੇਲਾਰੂਸ ਨਾਲ ਲੱਗਦੀ ਹੈ। 17 ਸਤੰਬਰ ਨੂੰ ਪੋਲੈਂਡ ਸਰਹੱਦ ਨੇੜੇ ਯੂਕ੍ਰੇਨ ’ਤੇ ਰੂਸ ਨੇ ਭਿਆਨਕ ਹਮਲਾ ਕੀਤਾ ਸੀ। ਇਸ ਤੋਂ ਬਾਅਦ ਪੋਲੈਂਡ ਦੀ ਹਵਾਈ ਸੁਰੱਖਿਆ ਅਤੇ ਰਾਡਾਰ ਪ੍ਰਣਾਲੀਆਂ ਹਾਈ ਅਲਰਟ ’ਤੇ ਹਨ। ਉਸ ਨੇ ਯੂਕ੍ਰੇਨ ਸਰਹੱਦੀ ਚੌਕੀਆਂ ਨੇੜੇ ਬਲਾਸਟ ਵਾਲ, ਬੰਕਰਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ।

ਨਾਰਵੇ-ਰੂਸ ਸਰਹੱਦ
ਰੂਸ ਨਾਲ 198 ਕਿਲੋਮੀਟਰ ਲੰਬੀ ਉੱਤਰੀ ਸਰਹੱਦ ਲੱਗਦੀ ਹੈ। ਇਸੇ ਸਰਹੱਦ ਨੇੜੇ ਰੂਸ ਦਾ ਉੱਤਰੀ ਸਮੁੰਦਰੀ ਫੌਜੀ ਬੇੜਾ ਤਾਇਨਾਤ ਹੈ। ਇਸ ਲਈ ਸਤੰਬਰ ਵਿਚ ਨਾਟੋ ਨੇ ਇੱਥੇ ਆਪਣੀ ਫੌਜੀ ਮੌਜੂਦਗੀ ਨੂੰ ਤੇਜ਼ੀ ਨਾਲ ਵਧਾਇਆ ਹੈ। ਪੋਰਸਾਂਗਮੋਏਨ ਬੇਸ ’ਤੇ ਆਰਕਟਿਕ ਬ੍ਰਿਗੇਡ ਦੀ ਮਾਰੂ ਹਥਿਆਰਾਂ ਦੀ ਸਮਰੱਥਾ ਨੂੰ ਕਈ ਗੁਣਾ ਵਧਾਇਆ ਗਿਆ ਹੈ।

ਐਸਟੋਨੀਆ : ਟ੍ਰੇਨਿੰਗ ਉਡਾਣਾਂ
ਰੂਸ ਨਾਲ 294 ਕਿਲੋਮੀਟਰ ਪੂਰਬੀ ਸਰਹੱਦ ਸਾਂਝੀ ਕਰਦਾ ਹੈ। 21 ਸਤੰਬਰ ਤੋਂ ਨਾਟੋ ਹਵਾਈ ਫੌਜ ਨੇ ਐਸਟੋਨੀਆਈ ਹਵਾਈ ਖੇਤਰ ਵਿਚ ਲੋਅ-ਐਲਟੀਟਿਊਡ ਅਤੇ ਸੁਪਰਸੋਨਿਕ ਲੜਾਕੂ ਜਹਾਜ਼ਾਂ ਦੀਆਂ ਟ੍ਰੇਨਿੰਗ ਉਡਾਣਾਂ ਸ਼ੁਰੂ ਕੀਤੀਆਂ ਹਨ। ਹਾਲ ਹੀ ਵਿਚ ਇਟਲੀ ਦੇ ਯੂਰੋਫਾਈਟਰਜ਼ ਨੇ ਇਕ ਰੂਸੀ ਡਰੋਨ ਨੂੰ ਇਸ ਖੇਤਰ ਵਿਚ ਮਾਰ ਡੇਗਿਆ ਸੀ।
 


author

Inder Prajapati

Content Editor

Related News