ਸੁਡਾਨ ’ਚ ਸੋਨੇ ਦੀ ਖਾਨ ਢਹਿਣ ਨਾਲ 11 ਦੀ ਮੌਤ
Tuesday, Sep 22, 2026 - 05:01 PM (IST)
ਸ਼ੈਂਡੀ (ਏਜੰਸੀ)- ਉੱਤਰ-ਪੂਰਬੀ ਸੁਡਾਨ ਵਿਚ ਸੋਨੇ ਦੀ ਇਕ ਖਾਨ ਦੀ ਸੁਰੰਗ ਢਹਿਣ ਨਾਲ ਘੱਟੋ-ਘੱਟ 11 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 30 ਹੋਰ ਲੋਕ ਜ਼ਖ਼ਮੀ ਹੋ ਗਏ। ਇਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮਲਬੇ ’ਚ ਦੱਬੇ ਲੋਕਾਂ ਦੀ ਭਾਲ ਜਾਰੀ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਵਾਪਰੀ। ਇਹ ਦੇਸ਼ ਵਿਚ ਸੋਨੇ ਦੀ ਗ਼ੈਰ-ਰਸਮੀ ਖਾਨ ਦੀ ਸੁਰੰਗ ਢਹਿਣ ਦੀ ਇਕ ਹਫ਼ਤੇ ਦੇ ਅੰਦਰ ਦੂਜੀ ਘਟਨਾ ਹੈ। ਸੁਡਾਨ ’ਚ ਇਸ ਤਰ੍ਹਾਂ ਦੀਆਂ ਹਜ਼ਾਰਾਂ ਛੋਟੀਆਂ ਅਤੇ ਗ਼ੈਰ-ਰਸਮੀ ਖਾਨਾਂ ਹਨ।
ਦੇਸ਼ ਦੇ ਪੱਛਮੀ ਹਿੱਸੇ ਵਿਚ ਪਿਛਲੇ ਐਤਵਾਰ ਨੂੰ ਸੋਨੇ ਦੀ ਇਕ ਹੋਰ ਖਾਨ ਦੀਆਂ ਕਈ ਸੁਰੰਗਾਂ ਢਹਿਣ ਨਾਲ ਘੱਟੋ-ਘੱਟ 82 ਲੋਕਾਂ ਦੀ ਮੌਤ ਹੋ ਗਈ ਸੀ। ਇਹ ਇਲਾਕਾ ਰੈਪਿਡ ਸਪੋਰਟ ਫੋਰਸ (ਆਰ. ਐੱਸ. ਐੱਫ.) ਦੇ ਕੰਟਰੋਲ ਵਿਚ ਹੈ ਜੋ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਸੁਡਾਨੀ ਫ਼ੌਜ ਨਾਲ ਲੜ ਰਹੀ ਹੈ। ਸਰਕਾਰੀ ਮਲਕੀਅਤ ਵਾਲੀ ਸੁਡਾਨੀ ਮਿਨਰਲ ਰਿਸੋਰਸਿਜ਼ ਕੰਪਨੀ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਐਤਵਾਰ ਤੱਕ 11 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਅਤੇ 30 ਲੋਕਾਂ ਨੂੰ ਬਚਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
