ਪਾਕਿਸਤਾਨ ''ਚ ਵੱਡਾ ਆਤਮਘਾਤੀ ਹਮਲਾ, 12 ਲੋਕਾਂ ਦੀ ਮੌਤ ਤੇ 18 ਜ਼ਖਮੀ
Saturday, Sep 26, 2026 - 09:40 PM (IST)
ਪੇਸ਼ਾਵਰ : ਉੱਤਰ-ਪੱਛਮੀ ਪਾਕਿਸਤਾਨ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਇੱਕ ਆਤਮਘਾਤੀ ਹਮਲਾਵਰ ਨੇ ਪੁਲਸ ਚੌਕੀ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਦੋ ਔਰਤਾਂ ਅਤੇ ਦੋ ਬੱਚਿਆਂ ਸਮੇਤ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਪਾਕਿਸਤਾਨ ਦੀ ਰਾਸ਼ਟਰੀ ਐਮਰਜੈਂਸੀ ਰਿਸਪਾਂਸ ਸਰਵਿਸ 'ਰੈਸਕਿਊ 1122' ਅਨੁਸਾਰ ਇਹ ਘਟਨਾ ਖੈਬਰ ਪਖਤੂਨਖਵਾ ਅਤੇ ਬਲੂਚਿਸਤਾਨ ਸੂਬਿਆਂ ਦੀ ਸੀਮਾ ਨੇੜੇ ਸਥਿਤ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੀ ਦਰਾਜ਼ਿੰਦਾ ਤਹਿਸੀਲ ਵਿੱਚ ਵਾਪਰੀ।
ਰੀਜਨਲ ਪੁਲਸ ਅਧਿਕਾਰੀ ਖਾਨ ਮੁਬਾਸ਼ਿਰ ਮਲਿਕ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਟਰੈਕਟਰ-ਟਰਾਲੀ ਨੂੰ 'ਅਮਨ ਮੇਲਾ' ਪੁਲਸ ਚੌਕੀ ਨਾਲ ਟਕਰਾ ਦਿੱਤਾ। ਪੁਲਸ ਅਨੁਸਾਰ ਮਾਰੇ ਗਏ ਲੋਕਾਂ ਵਿੱਚ ਸੀਮਾ ਸ਼ੁਲਕ (ਕਸਟਮਜ਼) ਅਤੇ ਉਤਪਾਦ ਸ਼ੁਲਕ (ਐਕਸਾਈਜ਼) ਵਿਭਾਗ ਦੇ ਦੋ ਅਧਿਕਾਰੀ ਵੀ ਸ਼ਾਮਲ ਹਨ।
ਹਮਲੇ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ, ਜਦਕਿ ਮ੍ਰਿਤਕਾਂ ਦੀਆਂ ਦੇਹਾਂ ਵੀ ਉੱਥੇ ਹੀ ਪਹੁੰਚਾਈਆਂ ਗਈਆਂ। ਪੁਲਸ ਨੇ ਦੱਸਿਆ ਕਿ ਹਮਲੇ ਵਿੱਚ ਵਰਤੀ ਗਈ ਧਮਾਕਾਖੇਜ਼ ਸਮੱਗਰੀ ਦੀ ਕਿਸਮ ਦਾ ਪਤਾ ਲਗਾਉਣ ਲਈ ਬੰਬ ਨਿਰੋਧਕ ਦਸਤੇ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ ਹੈ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ ਅਤੇ ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ।
